ਕਿਸਾਨਾਂ-ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਲਟਕਦੀਆਂ ਮੰਗਾਂ ਨੂੰ ਲੈ ਕੇ ਰੱਖੜਾ ਦੀ ਕੋਠੀ ਘੇਰੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਕਿਸਾਨਾਂ ਮਜਦੂਰਾਂ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਦੇ ਘਰਾਂ ਅੱਗੇ ਘਿਰਾਓ ਕਰਕੇ ਸਾਂਝੇ ਤੌਰ ਤੇ ਇਕ ਮੰਗ ਪੱਤਰ ਅਤੇ ਪਹਿਲਾਂ ਪਰਵਾਨਤ, ਲਟਕਦੀਆਂ ਮੰਗਾਂ ਬਾਰੇ ਯਾਦ ਪੱਤਰ ਦੇ ਕੇ ਸਰਕਾਰ ਵਿਰੁੱਧ ਜੋਰਦਾਰ ਪਿੱਟ ਸਿਆਪਾ ਅਤੇ ਨਾਆਰੇ ਬਾਜੀ ਕੀਤੀ।
ਪਟਿਆਲਾ ਤੋਂ ਨਾਭਾ ਰੋਡ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਕੋਠੀ ਦੇ ਸਾਹਮਣੇ ਰੋਸ ਧਰਨੇ ਤੇ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਰੇਲ ਰੋਕੋ ਤੇ ਜ਼ਿਲ੍ਹਾ ਹੈੱਡ ਕੁਟਾਰਾਂ ਦੇ ਧਰਨੇ ਲਾ ਕੇ ਇਨ੍ਹਾਂ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਕੋਲ ਮੀਟਿੰਗਾਂ ਕਰਕੇ ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆਂ ਹੋ ਰਹੀਆਂ ਖੁਦਕਸ਼ੀਆਂ ਦੀ ਵੱਧ ਰਹੀ ਗਿਣਤੀ ਬਾਰੇ ਪੂਰੀ ਤਰ੍ਹਾਂ ਕਰਜੇ ਨੂੰ ਸਭ ਤੋਂ ਵੱਧ ਜਿੰਮੇਵਾਰ ਦੱਸਿਆ ਅਤੇ ਇਸ ਤੋਂ ਪੀੜਤ ਛੋਟੀ ਕਿਸਾਨੀ ਅਤੇ ਮਜ਼ਦੂਰਾਂ ਨੂੰ ਤੁਰੰਤ ਕਰਜਾ ਮਾਫ ਕਰਕੇ ਅੱਗੇ ਤੋਂ ਬਿਨਾ ਵਿਆਜ ਤੇ ਲੰਮੀ ਮਿਆਦ ਦੇ ਵਿਆਜ ਰਹਿਤ ਕਰਜੇ ਦਿੱਤੇ ਜਾਣ। ਢਾਈ ਏਕੜ ਦੇ ਮਾਲਕ ਛੋਟੇ ਕਿਸਾਨਾਂ ਤੋਂ ਟਿਊਬਵੈਲਾਂ ਦੇ ਭਰਾਏ ਹੋਏ ਪੈਸੇ ਤੁਰੰਤ ਵਾਪਿਸ ਕੀਤੇ ਜਾਣ।
ਬੇ ਜਮੀਨੇ ਕਿਸਾਨਾਂ ਮਜਦੂਰਾ ਨੂੰ ਦਸ-ਦਸ ਮਰਲੇ ਦੇ ਪਲਾਟ ਤੁਰੰਤ ਦਿੱਤੇ ਜਾਣ। ਵਾਹੀ ਯੋਗ ਪੰਚਾਇਤੀ ਜਮੀਨ ਨੂੰ ਜੋ ਜਲੂਰ ਪਿੰਡ ਵਿੱਚ ਦਲਿਤ ਮਜਦੂਰਾਂ ਦੇ ਹਿੱਸੇ ਵਾਲੀ ਛੇ ਏਕੜ ਜਮੀਨ ਜੋ ਫਰਜੀ ਬੋਲੀ ਰਾਹੀ ਗੁਰਦੀਪ ਸਿੰਘ ਬੱਬਲ ਨੂੰ ਦਿੱਤੀ ਗਈ ਹੈ ਉਸ ਨੂੰ ਰੱਦ ਕਰਕੇ ਜਮੀਨ ਕਿਸਾਨਾਂ ਮਜਦੂਰਾ ਨੂੰ ਦਿੱਤੀ ਜਾਵੇ ਅਤੇ ਜਲੂਰ ਵਿਖੇ ਸਿਆਸੀ ਸਰਪ੍ਰਸਤੀ ਹੇਠ ਗੁੰਡਾ ਗਰਦੀ ਕਰਕੇ ਮਜਦੂਰਾਂ ਤੇ ਹਮਲੇ ਕਰਕੇ ਗੰਭੀਰ ਜਖਮੀ ਕਰਨ ਵਾਲਿਆਂ ਨੂੰ ਅਤੇ ਗੁਰਦੇਵ ਕੌਰ ਤੇ ਕਤਲ ਵਿੱਚ ਸ਼ਾਮਿਲ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜ਼ੇਲ੍ਹ ਭੇਜਿਆ ਜਾਵੇ। ਖੇਤੀ ਲਈ 24 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ। ਪੰਜ ਏਕੜ ਦੇ ਅਤੇ ਜਨਰਲ ਕੈਟਾਗਰੀ ਦੇ ਲੰਮੇ ਸਮੇਂ ਤੋਂ ਪਏ ਕੁਨੈਕਸ਼ਨ ਉਨ੍ਹਾਂ ਨੂੰ ਦਿੱਤੇ ਜਾਣ। ਸੂਦ ਖੋਰਾਂ, ਬੈਂਕਾਂ ਵਲੋਂ ਅੰਗੂਠੇ ਲਗਵਾਏ ਗਈ ਪ੍ਰਮੋਟਾਂ, ਖਾਲੀ ਚੈੱਕਾ ਅਤੇ ਇਕਰਾਰ ਨਾਮਿਆਂ ਕਰਵਾਉਣ ਵਾਲੇ ਕੰਮ ਨੂੰ ਸਜਾ ਯੋਗ ਅਪਰਾਧ ਕਰਾਰ ਦੇ ਕੇ ਸਹੀ ਅਰਥਾਂ ਵਿੱਚ ਕਿਸਾਨਾਂ ਮਜ਼ਦੂਰਾਂ ਪੱਖੀ ਕਰਜਾ ਕਾਨੂੰਨ ਬਣਾਇਆ ਜਾਵੇ।
ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਪਾਲ, ਸੂਬਾ ਜਨਰਲ ਸਕੱਤਰ, ਜਗਮੋਹਨ ਸਿੰਘ ਅਤੇ ਖਜਾਨਚੀ ਰਾਮ ਸਿਘ ਮਟੋਰਰਾ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਲਵੰਤ ਸਿੰਘ ਕਕਰਾਲਾ, ਨੌਜਵਾਨ ਭਾਰਤੀ ਸਭਾ ਰਮਿੰਦਰ ਸਿੰਘ, ਭਵਾਨੀਗੜ੍ਹ ਬਲਾਕ ਦੇ ਜਨਰਲ ਸਕੱਤਰ ਸੁਖਦੇਵ ਸਿੰਘ, ਫਤਿਹਗੜ੍ਹ ਸਾਹਿਬ ਤੋਂ ਹਰਨੇਕ ਸਿੰਘ ਭੱਲਮਾਜਰਾ, ਅਮਨਦੀਪ ਸਿੰਘ ਪੀ.ਐਸ.ਯੂ, ਸੁਰਿੰਦਰ ਸਿੰਘ ਖਾਲਸਾ ਹਰਿਆਵਲ ਦਸਤਾ ਗਰੁੱਪ ਨੇ ਸੰਬੋਧਨ ਕੀਤਾ। ਇਕ ਵੱਖਰੇ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਕਮੇਟੀ ਵਲੋਂ ਹਰਭਜਨ ਸਿੰਘ ਬੁੱਟਰ, ਜ਼ਿਲ੍ਹਾ ਜਨਰਲ ਸਕੱਤਰ ਸਤਵੰਤ ਸਿਘ ਵਜੀਦ ਪੁਰ ਨੇ ਕਿਹਾ ਕਿ ਨੋਟਬੰਦੀ ਦੇ ਖਿਲਾਫ 22 ਤਾਰੀਕ ਨੂੰ ਸਟੇਟ ਬੈਂਕ ਆਫ ਪਟਿਆਲਾ ਦੇ ਸਾਹਮਣੇ ਧਰਨਾ ਲਾ ਕੇ ਕਿਸਾਨਾਂ ਨੂੰ ਲਿਮਟਾਂ ਅਤੇ ਸੁਸਾਇਟੀਆਂ ਵਿੱਚ ਪੈਸੇ ਲੈਣ ਲਈ ਆ ਰਹੀਆਂ ਦਿਕਤਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ।

