ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ, ਨਹੀਂ ਲੜ ਸਕਣਗੇ ਚੋਣ
ਮੋਹਾਲੀ (ਕੁਲਦੀਪ ਸਿੰਘ /ਮਧੂਸਾਰ ਬਿਊਰੋ) ਹਾਈਕੋਰਟ ਵੱਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਨਾਲ ਅਗਾਮੀ ਵਿਧਾਨ ਸਭਾ ਚੋਣ ਲੜਨੀ ਲੰਗਾਹ ਲਈ ਬੇਹੱਦ ਮੁਸ਼ਕਲ ਹੋ ਗਈ ਹੈ।
ਭ੍ਰਿਸ਼ਟਾਚਾਰ ਤੇ ਜਾਅਲਸਾਜ਼ੀ ਮਾਮਲੇ ‘ਤੇ ਮੰਗਲਵਾਰ ਨੂੰ ਕੋਰਟ ਨੇ ਬਹਿਸ ਤੋਂ ਬਾਅਦ ਬੁੱਧਵਾਰ ਤੱਕ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀ। ਲੰਗਾਹ ਵਲੋਂ ਕੇਸ ਦੀ ਪੈਰਵੀ ਕਰ ਰਹੇ ਵਕੀਲ ਪੀ. ਐੱਸ. ਹੁੰਡਲ ਨੇ ਬਹਿਸ ਦੌਰਾਨ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਆਧਾਰ ਬਣਾ ਕੇ ਲੰਗਾਹ ਦੀ ਸਜ਼ਾ ‘ਤੇ ਰੋਕ ਲਗਾਏ ਜਾਣ ਦੀ ਮੰਗ ਰੱਖੀ ਸੀ। ਬਹਿਸ ਦੌਰਾਨ ਕਿਹਾ ਗਿਆ ਕਿ ਸਰਕਾਰੀ ਕਰਮਚਾਰੀ ਅਪਰਾਧਿਕ ਮਾਮਲੇ ‘ਚ ਆਪਣੇ ਬੈਕ ਵੇਜਿਸ, ਸਰਵਿਸ ਆਦਿ ਵਾਪਸ ਪਾਉਣ ਲਈ ਮੰਗ ਕਰ ਸਕਦਾ ਹੈ ਪਰ ਇਕ ਰਾਜਨੇਤਾ ਨੂੰ ਜੇਕਰ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਜਾਏ ਤਾਂ ਉਸਨੂੰ ਆਪਣਾ ਹੱਕ ਵਾਪਸ ਨਹੀਂ ਮਿਲ ਸਕਦਾ। ਅਜਿਹੇ ‘ਚ ਉਨ੍ਹਾਂ ਨੇ ਦਲੀਲ ਰੱਖੀ ਕਿ ਜਿਥੇ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾ ਸਕਦਾ, ਉਥੇ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੁੱਚਾ ਸਿੰਘ ਵਲੋਂ 3 ਸਾਲ ਦੀ ਸਜ਼ਾ ਖਿਲਾਫ ਅਪੀਲ ਵੀ ਹਾਈਕੋਰਟ ‘ਚ ਲੰਬਿਤ ਹੈ।

