ਪੰਜਾਬ

ਮਹਿਲਾਂ ਵਿੱਚ ਰਹਿਣ ਵਾਲਾ ਕੈਪਟਨ ਪੂਰੀ ਤਰ੍ਹਾਂ ਨਾਲ ਪੇਂਡੂ ਲੋਕਾਂ ਦੇ ਦੁੱਖ-ਦਰਦ ਤੋਂ ਅਣਜਾਣ-ਬਾਦਲ

ਅਮਰਿੰਦਰ ਰਜਵਾੜਸ਼ਾਹੀ ਮਾਨਸਿਕਤਾ ਕਾਰਨ ਲੋਕਾਂ ਨੂੰ ਮਿਲਣ ਤੋਂ ਕਤਰਾਉਂਦਾ ਹੈ
ਕਪੂਰਥਲਾ, 21 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਹਿਲਾਂ ਦੇ ਵਿੱਚ ਰਹਿਣ ਵਾਲੇ ਰਾਜੇ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਹਨ ਅਤੇ ਕੈਪਟਨ ਨੂੰ ਵੀ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ।

ਕਪੂਰਥਲਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੇਂਡੂ ਜੀਵਨ ਬਾਰੇ ਕੋਈ ਗਿਆਨ ਨਹੀਂ ਹੈ ਕਿਉਕਿ ਉਹ ਮਹਿਲਾਂ ਵਿੱਚ ਰਹਿ ਕੇ ਐਸ਼ਪ੍ਰਸਤੀ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ ।ਉਹਨਾਂ ਕਿਹਾ ਕਿ ਇਸ ਦੇ ਉੱਲਟ ਉਹਨਾਂ ਨੇ ਹਮੇਸ਼ਾਂ ਹੀ ਆਮ ਲੋਕਾਂ ਵਿੱਚ ਰਹਿ ਕੇ ਉਹਨਾਂ ਦੀਆਂ ਦੁੱਖ ਤਖਲੀਫਾਂ ਸਮਝ ਕੇ ਉਹਨਾਂ ਦੇ ਹੱਲ ਕਰਨ ਨੂੰ ਹੀ ਤਵਜੋਂ ਦਿੱਤੀ ਹੈ ।ਸ. ਬਾਦਲ ਨੇ ਕਿਹਾ ਕਿ ਕੈਪਟਨ ਰਜਵਾੜ ਸ਼ਾਹੀ ਮਾਨਸਿਕਤਾ ਦੇ ਧਾਰਨੀ ਹਨ, ਜਿਸ ਕਾਰਣ ਉਹ ਆਮ ਲੋਕਾਂ ਨੂੰ ਮਿਲਣਾ-ਜੁਲਣਾ ਪਸੰਦ ਨਹੀਂ ਕਰਦੇ ਹਨ ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਜਾਂ ਆਪ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਸਕੀਮਾਂ ਨੂੰ ਬੰਦ ਕਰ ਦੇਣਗੇ।ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਆਟਾ-ਦਾਲ, ਪੈਨਸ਼ਨ, ਸ਼ਗਨ, ਮਾਈ ਭਾਗੋ ਵਿਦਿਆ ਸਕੀਮ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਰਗੀਆਂ ਕਈ ਲੋਕਪੱਖੀ ਸਕੀਮਾਂ ਸ਼ੁਰੂ ਕੀਤੀਆਂ ਹਨ ਪਰ ਜੇਕਰ ਇਹਨਾਂ ਦੋਵਾਂ ਪਾਰਟੀਆਂ ਵਿੱਚੋਂ ਕੋਈ ਵੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਇਹਨਾਂ ਸਕੀਮਾਂ ਨੂੰ ਬੰਦ ਕਰ ਦੇਵੇਗੀ ।ਸ. ਬਾਦਲ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਆਪਣੇ ਕਾਰਜਕਾਲ ਵੇਲੇ ਕੈਪਟਨ ਨੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਬੰਦ ਕਰ ਦਿੱਤੀ ਸੀ ਅਤੇ ਦਿੱਲੀ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਭਲਾਈ ਵੱਲ ਕੋਈ ਵੀ ਤਵਜੋਂ ਨਹੀਂ ਦਿੱਤੀ ਹੈ ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਪੰਜਾਬ ਪੱਖੀ ਅਤੇ ਪੰਜਾਬ ਵਿਰੋਧੀ ਤਾਕਤਾਂ ਵਿਚਲੇ ਇੱਕ ਮੁਕਾਬਲਾ ਹੋਵੇਗਾ ।ਉਹਨਾਂ ਕਿਹਾ ਕਿ ਜਿਥੇ ਅਕਾਲੀ ਦਲ ਪੰਜਾਬ ਅਤੇ ਪੰਜਾਬੀ ਦੇ ਹੱਕ ਦੀ ਗੱਲ ਕਰਦਾ ਹੈ, ਉੱਥੇ ਆਪ ਅਤੇ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਸੋਚ ਸਮਝ ਕੇ ਪਾਉਣ ਕਿਉਕਿ ਉਹਨਾਂ ਦੀਆਂ ਆਉਣ ਵਾਲੀਆ ਪੀੜੀਆਂ ਦਾ ਭਵਿੱਖ ਇਸੇ ਗੱਲ ਤੇ ਨਿਰਭਰ ਕਰਦਾ ਹੈ ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਵਰਗੇ ਮੌਕਾ ਪ੍ਰਸ਼ਤ ਸਿਆਸਤਦਾਨ ਦੀ ਕਾਂਗਰਸ ਵਿੱਚ ਸਮੂਲੀਅਤ ਦਾ ਸੂਬੇ ਦੀ ਸਿਆਸਤ ਤੇ ਕੋਈ ਪ੍ਰਭਾਵ ਨਹੀਂ ਪਵੇਗਾ । ਉਹਨਾਂ ਕਿਹਾ ਕਿ ਅਜਿਹੇ ਦਲਬਦਲੂ ਜਿਹੜੇ ਸੱਤਾ ਖਾਤਰ ਰੋਜ ਪਾਰਟੀਆਂ ਬਦਲਦੇ ਹਨ, ਨੂੰ ਲੋਕ ਬਿਲਕੁੱਲ ਵੀ ਪਸੰਦ ਨਹੀਂ ਕਰਦੇ ਹਨ ।ਸ. ਬਾਦਲ ਨੇ ਕਿਹਾ ਕਿ ਸਿੱਧੂ ਦਾ ਇਹ ਕਦਮ ਉਹਨਾਂ ਨੂੰ ਸਿਆਸੀ ਬਨਵਾਸ ਵੱਲ ਧੱਕ ਦਵੇਗਾ ਕਿਉਂਕਿ ਪੰਜਾਬ ਦੇ ਲੋਕ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਆਗੂਆਂ ਨੂੰ ਕਦੇ ਵੀ ਮਾਫ ਨਹੀਂ ਕਰੇਗੀ ।
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸ਼ਾਨਦਾਰ ਜਿੱਤ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਤੀਜੇ ਇਸ਼ਾਰਾ ਕਰਦੇ ਹਨ ਕਿ ਪੰਜਾਬ ਦੇ ਲੋਕ ਵੀ ਗਠਜੋੜ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਤੀਸਰੀ ਵਾਰ ਉਸਦੀ ਸਰਕਾਰ ਬਣਾਉਣਗੇ ।ਉਹਨਾਂ ਕਿਹਾ ਕਿ ਇਹ ਨਤੀਜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਾਂਹਵਧੂ ਨੀਤੀਆਂ ਤੇ ਵੀ ਲੋਕਾਂ ਦੀ ਇੱਕ ਮੋਹਰ ਹੈ ।
ਐਨ. ਡੀ. ਏ. ਸਰਕਾਰ ਵੱਲੋਂ ਰਾਜਪੁਰਾ- ਬਠਿੰਡਾ ਰੇਲ ਲਾਈਨ ਨੂੰ ਦੋਹਰਾ ਕਰਨ ਦੇ ਫੈਸਲਾ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਨ. ਡੀ. ਏ. ਸਰਕਾਰ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਵਿੱਚ ਪੰਜਾਬ ਨੂੰ ਏਮਜ, ਆਈ.ਆਈ.ਐਮ ਅਤੇ ਬਾਗਬਾਨੀ ਰਿਸਰਚ ਇੰਸੀਟੀਚਿਊਟ ਵਰਗੇਟ ਕਈ ਵੱਡੇ ਪ੍ਰੋਜੈਕਟ ਦਿੱਤੇ ਹਨ ਜਿਸ ਨਾਲ ਸੂਬੇ ਦੀ ਤਰੱਕੀ ਨੂੰ ਹੋਰ ਹੁਲਾਰਾ ਮਿਲੇਗਾ ।
ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਚੋਣਾਂ ਨੂੰ ਇੱਕ ਜਾਂ ਵਧੇਰੇ ਪੜਾਅ ਵਿੱਚ ਕਰਵਾਉਣਾ ਪੂਰੀ ਤਰ੍ਹਾਂ ਨਾਲ ਚੋਣ ਕਮਿਸ਼ਨ ਤੇ ਨਿਰਭਰ ਹੈ ਜੋ ਇਹ ਫੈਸਲਾ ਲੈਣ ਵਿੱਚ ਪੂਰੀ ਤਰ੍ਹਾਂ ਨਾਲ ਯੋਗ ਹੈ ।
ਇਸ ਮੌਕੇ ਤੇ ਮੁੱਖ ਮੰਤਰੀ ਨਾਲ ਅਕਾਲੀ ਆਗੂ ਸ. ਪਰਮਜੀਤ ਸਿੰਘ ਪੰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ. ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਸ. ਗੁਰਲਵਲੀਨ ਸਿੰਘ ਸਿੱਧੂ ਅਤੇ ਸ. ਰਜਿੰਦਰ ਸਿੰਘ ਐਸ. ਐਸ. ਪੀ. ਕਪੂਰਥਲਾ, ਸ਼੍ਰੀਮਤੀ ਦੀਪਤੀ ਉੱਪਲ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ. ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਦਿ ਵੀ ਹਾਜਰ ਸਨ ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸੁਆਗਤ ਕਰਦਿਆਂ ਸ. ਪਰਮਜੀਤ ਸਿੰਘ ਪੰਮਾ ਨੇ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾਕਿ ਇਸ ਪ੍ਰੋਗਰਾਮ ਨਾਲ ਕਪੂਰਥਲਾ ਹਲਕੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਹਰ ਵਰਕਰ ਸ. ਬਾਦਲ ਵੱਲੋਂ ਕੀਤੇ ਗਏ ਇਸ ਉਪਰਾਲੇ ਕਾਰਨ ਉਹਨਾਂ ਦਾ ਰਿਣੀ ਰਵੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਨਰੋਤਮ ਦੇਵ ਰੱਤੀ ਚੇਅਰਮੈਨ ਪੰਜਾਬ ਵਪਾਰ ਬੋਰਡ, ਸ਼੍ਰੀ ਸ਼ਾਮ ਸੁੰਦਰ ਅਗਰਵਾਲ ਜਿਲ੍ਹਾ ਪ੍ਰਧਾਨ ਭਾਜਪਾ, ਸ. ਅਮਰਬੀਰ ਸਿੰਘ ਲਾਲੀ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਸ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐਸ. ਜੀ. ਪੀ. ਸੀ, ਸ. ਰਣਜੀਤ ਸਿੰਘ ਖੋਜੇਵਾਲ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਸ਼੍ਰੀ ਉਮੇਸ਼ ਸ਼ਾਰਦਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਕਪੂਰਥਲਾ, ਸ. ਦਲਜੀਤ ਸਿੰਘ ਬਸਰਾ ਚੇਅਰਮੈਨ ਬਲਾਕ ਸੰਮਤੀ, ਸ. ਰਘਬੀਰ ਸਿੰਘ ਸੀਨੀਅਰ ਅਕਾਲੀ ਆਗੂ, ਸ. ਦਰਸ਼ਨ ਸਿੰਘ ਕੋਟ ਕਰਾਰ ਖਾਂ, ਸ਼੍ਰੀ ਪਰਸ਼ੋਤਮ ਪਾਸੀ, ਸ਼੍ਰੀ ਜੀਆ ਲਾਲ ਨਾਹਰ, ਸ. ਹਰਜੀਤ ਸਿੰਘ ਵਾਲੀਆ ਅਤੇ ਹੋਰ ਅਕਾਲੀ-ਭਾਜਪਾ ਆਗੂ ਵੀ ਹਾਜਰ ਸਨ ।

Leave a Reply

Your email address will not be published. Required fields are marked *