ਪਟਿਆਲਾ

ਜਲ ਸਪਲਾਈ ਕਾਮਿਆਂ ਨੇ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਰੋਸ ਧਰਨਾ

ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ : ਹਰੀ ਸਿੰਘ ਟੌਹੜਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਅੱਜ ਪੰਜਾਬ ਸਟੇਟ ਕਰਮਚਾਰੀ ਦਲ ਦੇ ਝੰਡੇ ਹੇਠ ਨਾਭਾ ਰੋਡ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਅੱਗੇ ਆਪਣੀਆਂ ਚਿਰਾਂ ਤੋਂ ਲਮਕ ਅਵਸਥਾ ਵਿੱਚ ਪਈਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਖਾਤਿਰ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਮੁਲਾਜ਼ਮਾਂ ਨੇ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਅੱਖੋਂ ਪਰੋਖੇਂ ਕਰਨ ‘ਤੇ ਪੰਜਾਬ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ, ਉਥੇ ਹੀ ਵਿਭਾਗੀ ਅਧਿਕਾਰੀਆਂ ਵਿਰੁੱਧ ਵੀ ਨਾਅਰੇਬਾਜ਼ੀ ਕਰਕੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦਾ ਦੋਸ਼ ਲਗਾਇਆ।
ਰੋਸ ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਦਲ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਪੇ ਕਮਿਸ਼ਨ ਦੇ ਸਟਾਫ ਦੀ ਨਿਯੁਕਤੀ ਸਬੰਧੀ ਮੁਲਾਜ਼ਮ ਜਥੇਬੰਦੀਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਮੰਤਰੀ ਮੰਡਲ ਵੱਲੋਂ ਵੱਖ ਵੱਖ ਵਿਭਾਗਾਂ/ਬੋਰਡਾਂ ਤੇ ਸੁਸਾਇਟੀਆਂ ਵਿੱਚ ਕੰਮ ਕਰਦੇ ਦਿਹਾੜੀਦਾਰ, ਵਰਕਚਾਰਜ, 89 ਦਿਨਾਂ, ਪਾਰਟ ਟਾਈਮ ਅਤੇ ਠੇਕਾ ਅਧਾਰਿਤ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀਆਂ ਜੋ ਸ਼ਰਤਾਂ ਤੇ ਨਿਯਮ ਤੈਅ ਕੀਤੇ ਹਨ, ਉਸ ਨਾਲ 10-15 ਸਾਲਾਂ ਤੋਂ ਸੇਵਾ ਕਰ ਰਹੇ ਇਨ੍ਹਾਂ ਵਰਗ ਦੇ ਕਾਮਿਆਂ ਨੂੰ ਬਹੁਤ ਘੱਟ ਲਾਭ ਮਿਲੇਗਾ। ਸਰਕਾਰ ਬਿਨ੍ਹਾਂ ਸ਼ਰਤ ਇਨ੍ਹਾਂ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਸਕੇਲਾਂ ਵਿੱਚ ਕਰੇ। ਖਜਾਨੇ ‘ਤੇ ਲਗਾਈ ਗਈ ਅਣਐਲਾਨੀ ਪਾਬੰਦੀ ਕਾਰਨ ਮੌਜੂਦਾ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਬਿੱਲ ਲਮਕ ਅਵਸਥਾ ਵਿੱਚ ਪਏ ਹਨ। ਇਥੋਂ ਤੱਕ ਕਿ ਰਿਟਾਇਰ ਤੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਆਪਣੀਆਂ ਅਦਾਇਗੀਆਂ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਹਾਹਾਕਾਰ ਮਚੀ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਰਾਮਾ ਗਰਗ ਨਾਭਾ, ਰਾਕੇਸ਼ ਬਾਤਿਸ਼, ਜਸਵਿੰਦਰ ਪੰਜਾਬੀ, ਸਤਪਾਲ ਸਿੰਘ ਖਾਨਪੁਰ, ਜੀਵਨ ਸਿੰਘ, ਹਰਜੀਤ ਸਿੰਘ ਰਜਿੰਦਰਾ ਹਸਪਤਾਲ, ਨਰੇਸ਼ ਲੱਖੋਮਾਜਰਾ, ਰਾਜ ਕੁਮਾਰ, ਭਗਤ ਸਿੰਘ, ਮਲਕੀਤ ਸਿੰਘ, ਰੋਸ਼ਨ ਸੈਣੀ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਬਿਨ੍ਹਾਂ ਸ਼ਰਤ ਦਿੱਤੀਆਂ ਜਾਣ। 4-9-14 ਸਾਲਾਂ ਪ੍ਰਵੀਨਤਾ ਤਰੱਕੀ ਬਣਦੀ ਮਿਤੀ ਤੋਂ ਲਗਾਈ ਜਾਵੇ। ਮੈਡੀਕਲ ਬਿਲਾਂ ਦੀ ਅਦਾਇਗੀ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇ। ਜਲ ਸਪਲਾਈ ਸਕੀਮਾਂ ਨੂੰ ਵਿਭਾਗ ਅਧੀਨ ਹੀ ਰੱਖਿਆ ਜਾਵੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਲੋੜੀਂਦੇ ਫੰਡਜ਼ ਪ੍ਰਾਪਤ ਕੀਤੇ ਜਾਣ।

Leave a Reply

Your email address will not be published. Required fields are marked *