ਬਸੰਤ ਰਿਤੂ ਕਲੱਬ ਵੱਲੋਂ ਪਰਾਲੀ ਨਾ ਸਾੜੋ ਵਾਤਾਵਰਨ ਨਾ ਵਿਗਾੜੋ ਸਬੰਧੀ ਕੱਢੀ ਰੈਲੀ
ਪਰਾਲੀ ਸਾੜਨ ਨਾਲ ਧਰਤੀ ਦੀ ਉਪਜ ਘੱਟਦੀ ਹੈ ਤੇ ਜੀਵ ਜੰਤੂ ਸੜਦੇ ਹਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਸੰਗਠਨ ਸਬੰਧਤ ਖੇਡ ਅਤੇ ਯੂਵਾ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਵਿਖੇ ਪਰਾਲੀ ਨਾ ਸਾੜੋ ਵਾਤਾਵਰਨ ਨਾ ਵਿਗਾੜੋ ਵਿਸ਼ੇ ਤੇ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਐਸ.ਕੇ. ਖੋਸਲਾ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਇੰਜੀ: ਰੋਬਿਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਵਲੋਂ ਪਿੰਡ—ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜੋ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਰਕਾਰ ਦੀ ਗਾਇਡ ਲਾਈਨ ਅਨੁਸਾਰ ਪਰਾਲੀ ਨੂੰ ਵੇਚ ਕੇ ਮੁਨਾਫਾ ਕਮਾ ਸਕਦੇ ਹਨ। ਇਸ ਲਈ ਉਹਨਾਂ ਨੂੰ ਪਰਾਲੀ ਨਹੀ ਸਾੜਨੀ ਚਾਹੀਦੀ, ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ।
ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਵੱਧ ਰਹੇ ਪ੍ਰਦੂਸ਼ਨ ਕਾਰਨ ਅਤੇ ਪਰਾਲੀ ਦੇ ਸਾੜਨ ਕਾਰਨ ਹਵਾਂ ਦਿਨ ਪ੍ਰਤੀ ਦਿਨ ਪ੍ਰਦੂਸ਼ਤ ਹੁੰਦੀ ਜਾ ਰਹੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਖਾਸ ਤੌਰ ਤੇ ਸਾਹ, ਅੱਖਾਂ ਅਤੇ ਚਮੜੀ ਦੇ ਮਰੀਜਾਂ ਦੀ ਗਿਣਤੀ ਪਰਾਲੀ ਦੇ ਗੰਦਲੇ ਧੂਏ ਕਾਰਨ ਵੱਧ ਰਹੀ ਹੈ। ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਰਾਲੀ ਨਾ ਸਾੜਨ ਕਿਉਂਕਿ ਪਰਾਲੀ ਸਾੜਨ ਨਾਲ ਜਿੱਥੇ ਧਰਤੀ ਦੀ ਉਪਜ ਘਟਦੀ ਹੈ ਉਸ ਦੇ ਨਾਲ ਨਾਲ ਕਈ ਛੋਟੇ ਜੀਵ ਜਿਹੜੇ ਕਿ ਕਿਸਾਨਾਂ ਦੇ ਮਿੱਤਰ ਜੀਵ ਹੁੰਦੇ ਹਨ ਉਹ ਸੜ ਕੇ ਮਰ ਜਾਂਦੇ ਹਨ। ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਵੀਰਾਂ ਨੂੰ ਪਰਾਲੀ ਦੀ ਸੰਭਾਲ ਕਰਨੀ ਚਾਹੀਦੀ ਹੈ। ਪਰਾਲੀ ਸਾੜਨ ਕਾਰਨ ਹਵਾ ਜਿੱਥੇ ਪ੍ਰਦੁਸ਼ਤ ਹੁੰਦੀ ਹੈ ਉਸ ਦੇ ਨਾਲ ਨਾਲ ਗਲੋਬਲ ਵਾਰਮਿੰਗ ਦਾ ਖਤਰਾ ਵੀ ਵੱਧਦਾ ਹੈ। ਇਸ ਲਈ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਿੰਡਾਂ ਅਤੇ ਸ਼ਹਿਰ ਵਿੱਚ ਪਰਾਲੀ ਨਾ ਸਾੜੋ ਵਾਤਾਵਰਨ ਨਾ ਵਗਾੜੋ ਸਬੰਧੀ ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਐਸ.ਕੇ. ਖੋਸਲਾ ਨੇ ਕਲੱਬ ਦੇ ਇਸ ਉੱਦਮ ਦੀ ਨਿੱਘੇ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਆਖਿਆ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸੰਭਾਲੀਏ ਅਤੇ ਪਰਾਲੀ ਨਾ ਸਾੜਨ ਦਾ ਪ੍ਰਚਾਰ ਕਰੀਏ। ਇਸ ਪ੍ਰੋਗਰਾਮ ਵਿੱਚ ਕਲੱਬ ਦੇ ਜੁਆਇੰਟ ਸਕੱਤਰ ਰੁਪਿੰਦਰ ਸਿੰਘ, ਇੰਜੀ: ਗੋਰਾ ਸਿੰਘ, ਇੰਜੀ: ਹਰਸ਼ਪ੍ਰੀਤ ਸਿੰਘ, ਇੰਜੀ: ਮੇਹਰਬਾਨ ਸਿੰਘ ਮਾਗੋ ਨੇ ਵੀ ਆਪਣੇ ਵਿਚਾਰ ਰੱਖੇ।

