ਸ਼ਹਿਰ ਦੇ ਸੁੰਦਰੀਕਰਨ ਵਾਸਤੇ ਫੰਡਾਂ ਦੀ ਕੋਈ ਨਹੀਂ ਆਉਣ ਦਿਆਂਗੇ : ਭਗਵਾਨ ਦਾਸ ਜੁਨੇਜਾ, ਵਿਸ਼ਨੂੰ ਸ਼ਰਮਾ
ਬਾਰਾਂਦਰੀ ‘ਚ ਓਪਨ ਥੀਏਟਰ ਤੇ ਲਾਈਟਾਂ ਦੇ ਕੰਮ ਦਾ ਰੱਖਿਆ ਨੀਂਹ ਪੱਥਰ
ਪਟਿਆਲਾ, 24 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਦੀ ਆਰੰਭੀ ਮੁਹਿੰਮ ਤਹਿਤ ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਭਗਵਾਨ ਦਾਸ ਜੁਨੇਜਾ ਦੇ ਉਦਮ ‘ਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ ਦੇ ਸਹਿਯੋਗ ਨਾਲ ਬਾਰਾਂਦਰੀ ਗਾਰਡਨ ਵਿਚ ਓਪਨ ਏਅਰ ਥੀਏਟਾਂ ਦੇ ਕੰਮ ਦਾ ਨੀਂਹ ਪੱਥਰ ਸ੍ਰੀ ਭਗਵਾਨ ਦਾਸ ਜੁਨੇਜਾ ਤੇ ਚੇਅਰਮੈਨ ਵਿਸ਼ਨੂੰ ਸ਼ਰਮਾ ਨੇ ਸਾਂਝੇ ਤੌਰ ‘ਤੇ ਰੱਖਿਆ।
ਇਸ ਪ੍ਰਾਜੈਕਟ ‘ਤੇ 35 ਲੱਖ ਰੁਪਏ ਆਉਣਗੇ ਜਿਸ ਤਹਿਤ ਇਕ ਜਿਮ ਸਥਾਪਿਤ ਕੀਤਾ ਜਾਵੇਗਾ ਅਤੇ ਦੋ ਵਾਸ਼ਰੂਮ ਵੀ ਬਣਾਏ ਜਾਣਗੇ ਤੇ ਇਸ ਤੋਂ ਇਲਾਵਾ ਸਾਰੇ ਗਾਰਡਨ ਵਿਚ ਲਾਇਟਿੰਗ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਵਾਨ ਦਾਸ ਜੁਨੇਜਾ ਤੇ ਚੇਅਰਮੈਨ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਿਆਲਾ ਸ਼ਹਿਰੀ ਦੇ ਸੁੰਦਰੀਕਰਨ ਤੇ ਸਰਵ ਪੱਖੀ ਵਿਕਾਸ ਵਾਸਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਇਸ ਕੰਮ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਕੰਮ ਹੁਣ ਤੱਕ ਸ਼ੁਰੂ ਹੋਏ ਹਨ ਉਹ ਜੰਗੀ ਰਫਤਾਰ ਨਾਲ ਮੁਕੰਮਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਰੇ ਪ੍ਰਾਜੈਕਟ ਮੁਕੰਮਲ ਹੋਣ ਦੀ ਬਦੌਲਤ ਪਟਿਆਲਾ ਸ਼ਹਿਰ ਦਾ ਮੂੰਹ ਮੁਹਾਂਦਰਾ ਹੀ ਬਦਲ ਜਾਵੇਗਾ ਤੇ ਇਹ ਸੈਲਾਨੀਆ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਬਣ ਜਾਵੇਗਾ।
ਦੋਹਾਂ ਆਗੂਆਂ ਨੇ ਦੱਸਿਆ ਕਿ ਪਟਿਆਲਾ ਦੇ ਵਿਕਾਸ ਵਾਸਤੇ ਜੋ ਯਤਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਕੀਤੇ ਹਨ, ਉਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਹ ਪਹਿਲਕਦਮੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸ਼ਹਿਰ ਵਿਚ ਜਿਥੇ ਗਲੀਆਂ ਨਾਲੀਆਂ ਤੇ ਨਿਰਮਾਣ ਹਰ ਵਿਕਾਸ ਕਾਰਜ ਟੀਚਾਬੱਧ ਕਰ ਕੇ ਮੁਕੰਮਲ ਕੀਤੇ ਗਏ ਹਨ, ਉਥੇ ਹੀ ਹਰ ਇਲਾਕੇ ਵਿਕਾਸ ਵਾਸਤੇ ਵੱਖਰੀ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਬਾਰਾਂਦਰੀ ਗਾਰਡਨ ਨੂੰ ਇਕ ਚੰਗੇ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦਾ ਵਾਅਦਾ ਜੋ ਉਹਨਾਂ ਨੇ ਕੀਤਾ ਸੀ, ਉਸਨੂੰ ਅੱਜ ਪ੍ਰਵਾਨ ਚੜ੍ਹਾ ਕੇ ਵਿਖਾ ਦਿੱਤਾ ਹੈ ਕਿ ਜੋ ਅਸੀਂ ਕਹਿੰਦੇ ਹਾਂ, ਉਹ ਕਰਦੇ ਜ਼ਰੂਰ ਹਾਂ। ਉਹਨਾ ਕਿਹਾ ਕਿ ਸਾਡਾ ਇਹ ਵਾਅਦਾ ਹੈ ਕਿ ਪਟਿਆਲਾ ਸ਼ਹਿਰ ਦੀ ਦਿੱਖ ਹੀ ਵੱਖਰੀ ਬਣਾ ਦਿੱਤੀ ਜਾਵੇਗੀ ਤੇ ਇਸ ਵਾਸਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸਰਕਾਰ ਦੇ ਹਰ ਦਰ ‘ਤੇ ਅਸੀਂ ਕੁੰਡੇ ਖੜਕਾ ਕੇ ਸ਼ਹਿਰ ਵਾਸਤੇ ਫੰਡ ਲਿਆਵਾਂਗੇ ਤੇ ਸ਼ਹਿਰ ਦਾ ਵਿਕਾਸ ਕਰਵਾਵਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਵਿੰਦਾ ਗਰੋਵਰ ਡਾਇਰੈਕਟਰ, ਸ੍ਰੀ ਪ੍ਰਾਣ ਸਭਰਵਾਲ ਉਘੇ ਰੰਗ ਕਰਮੀ, ਰਾਜੇਸ਼ ਆਰੀਅਨ, ਪਵਨ ਨਾਗਰਥ, ਸ਼ੇਰੂ ਪੁਰੀ, ਭੂਸ਼ਣ, ਦਲਬੀਰ ਸਿੰਘ, ਰੋਨਿਕ, ਨੀਲ ਕਮਲ ਜੁਨੇਜਾ, ਰਾਜੀਵ ਜੁਨੇਜਾ, ਰਵਿੰਦਰ ਸਿੰਘ ਜੌਨੀ ਕੋਹਲੀ ਕੌਂਸਲਰ, ਗਗਨਦੀਪ ਸਿੰਘ ਪੰਨੂ, ਸਤਿੰਦਰ ਗਰੋਵਰ, ਕੁਲਵਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

