ਪਟਿਆਲਾ

ਮਿਸ਼ਨ ਲਾਲੀ ਤੇ ਹਰਿਆਲੀ ਦੇ ਵਲੰਟੀਅਰਾਂ ਨੇ ਸ਼ਹੀਦਾਂ ਨੂੰ ਕੀਤਾ ਯਾਦ

ਪਟਿਆਲਾ (ਮਧੂਸਾਰ ਬਿਊਰੋ)
ਦੇਸ਼ ਦੀ ਆਜ਼ਾਦੀ ਵਿਚ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਯਾਦ ਕਰਦਿਆਂ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਮਿਸ਼ਨ ਲਾਲੀ ਤੇ ਹਰਿਆਲੀ ਦੇ ਵਲੰਟੀਅਰਾਂ ਨੇ ਜਲ੍ਹਿਆਂ ਵਾਲਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜ ਕੇ ਸ਼ਹੀਦੀ ਲਾਟ ਅੱਗੇ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।

ਸਮਾਜ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਘਾਂ ਪੁੱਟਣ ਵਾਲੀ ਇਸ ਜਥੇਬੰਦੀ ਦੇ ਕਾਰਕੁੰਨਾਂ ਨੇ ਖੂਨਦਾਨ ਸੇਵਾ ਵਿਚ ਵੱਡਾਮੁੱਲਾ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਵੀ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਕੀਤਾ। ਇਸ ਮੌਕੇ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਸਮੇਂ ਦੀਆਂ ਸਰਕਾਰਾਂ ਖੂਨਦਾਨੀਆਂ ਅਤੇ ਸਮਾਜ ਸੇਵੀਆਂ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀਆਂ ਹਨ। ਭਾਂਵੇਂ ਕਿ ਮਨੁੱਖੀ ਜਿੰਦਗੀਆਂ ਬਚਾਉਣ ਦੀ ਇਸ ਮਹਾਨ ਸੇਵਾ ਵਿਚ ਪੂਰੇ ਪੰਜਾਬ ਅੰਦਰ ਸੈਂਕੜੇ ਜਥੇਬੰਦੀਆਂ ਨਾਲ ਜੁੜੇ ਚਾਰ ਲੱਖ ਤੋਂ ਵਧੇਰੇ ਵਲੰਟੀਅਰ ਬਿਨ੍ਹਾਂ ਕਿਸੇ ਸਵਾਰਥ ਦੇ ਸੇਵਾ ਕਰ ਰਹੇ ਹਨ। ਪਰ ਸਮੇਂ ਦੀਆਂ ਸਰਕਾਰਾਂ ਵਲੋਂ ਐਨੇ ਵੱਡੇ ਕੇਡਰ ਵਾਲੇ ਵਲੰਟੀਅਰਾਂ ਲਈ ਕੋਈ ਇੱਕ ਵੀ ਅਹਿਮ ਸਹੂਲਤ ਮੁਹੱਈਆ ਨਹੀਂ ਕਰਵਾ ਸਕੀਆਂ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪੰਜਾਬ ਸਰਕਾਰ ਪਾਸੋਂ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਲਈ ਬਲੱਡ ਬੈਂਕ ਵਲੋਂ ਜਾਰੀ ਕੀਤੇ ਜਾਣ ਵਾਲੇ ਖੂਨ ਦੇ ਟੈਸਟਾਂ ਦੀ ਫੀਸ ਮੁਆਫ ਕੀਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ, ਪਰ ਸਰਕਾਰ ਦੇ ਕੰਨ੍ਹਾਂ ਤੇ ਜੂੰ ਨਹੀਂ ਸਰਕ ਰਹੀ। ਸ੍ਰੀ ਸਨੌਰ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਿਸ ਪ੍ਰਕਾਰ ਹਰ ਵਰਗ ਦੀ ਭਲਾਈ ਲਈ ਵੱਖ ਵੱਖ ਬੋਰਡ ਕਾਇਮ ਕੀਤੇ ਜਾ ਰਹੇ ਹਨ ਉਸ ਪ੍ਰਕਾਰ ਖੂਨਦਾਨੀਆਂ ਦੀ ਭਲਾਈ ਹਿੱਤ ਵੀ ਬੋਰਡ ਕਾਇਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੂਨਦਾਨ ਲਹਿਰ ਨੂੰ ਪੂਰੇ ਪੰਜਾਬ ਵਿਚ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਇਸ ਲਹਿਰ ਨਾਲ ਜੋੜ ਕੇ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ, ਹਰਮੀਤ ਸਿੰਘ ਮੀਤ, ਹਰਜੀਤ ਸਿੰਘ ਸਫੇੜਾ, ਹਰਪਾਲ ਹੜਾਣਾ, ਗੁਰਪ੍ਰੀਤ ਲਲੀਨਾ, ਮਲਕੀਤ ਸਿੰਘ ਬੋਲੜ ਕਲਾਂ, ਕਿਰਪਾਲ ਸਿੰਘ ਪੰਜੌਲਾ, ਸੰਜੀਵ ਸੰਜੂ ਸਨੌਰ, ਕ੍ਰਿਸ਼ਨ ਬਾਜੀਗਰ ਤੇ ਮਨਜੋਤ ਬੋਲੜ ਕਲਾਂ ਹਾਜ਼ਰ ਸਨ।

Leave a Reply

Your email address will not be published. Required fields are marked *