ਪਟਿਆਲਾ ਅਕਾਲੀ ਲੀਡਰਸ਼ਿਪ ਨੇ ਰੱਖੜਾ ਦੀ ਹਾਜ਼ਰੀ ‘ਚ ਜੇ.ਜੇ ਸਿੰਘ ਨੂੰ ਉਮੀਦਵਾਰ ਐਲਾਨਣ ‘ਤੇ ਲਗਾਈ ਮੋਹਰ
ਕੈਪਟਨ ਸੌੜੀ ਮਾਨਸਿਕਤਾ ਛੱਡ ਕੇ ਚੋਣ ਮੈਦਾਨ ‘ਚ ਆਹਮੋ-ਸਾਹਮਣੇ ਮੁਕਾਬਲੇ ਲਈ ਤਿਆਰ ਰਹੇ : ਜਨਰਲ ਜੇ.ਜੇ. ਸਿੰਘ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪਟਿਆਲਾ ਸੀਟ ‘ਤੇ ਸਾਬਕਾ ਆਰਮੀ ਚੀਫ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਏ ਜਾਣ ‘ਤੇ ਸਹਿਮਤੀ ਬਣਾਉਣ ਲਈ ਅੱਜ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ‘ਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਦਾ ਅੱਜ-ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਇੰਦਰ ਮੋਹਨ ਸਿੰਘ ਬਜਾਜ, ਮੇਅਰ ਅਮਰਿੰਦਰ ਸਿੰਘ ਬਜਾਜ, ਇੰਮਪੂਰਵਮੈਂਟ ਟਰੱਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ, ਇੰਮਪੂਰਵਮੈਂਟ ਟਰੱਸਟ ਦੇ ਮੈਂਬਰ ਰਵਿੰਦਰ ਸਿੰਘ ਵਿੰਦਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ, ਯੂਥ ਸਰਕਲ ਪ੍ਰਧਾਨ ਰਵਿੰਦਰ ਸਿੰਘ ਭੂਪੀ, ਜ਼ਿਲ੍ਹਾ ਭਾਜਪਾ ਪ੍ਰਧਾਨ ਐਸ ਕੇ. ਦੇਵ, ਯੂਥ ਭਾਜਪਾ ਪ੍ਰਧਾਨ ਵਰੁਣ ਜਿੰਦਲ, ਯੂਥ ਆਗੂ ਸੁਖਵਿੰਦਰ ਸਿੰਘ ਗਾਗੂ ,ਜ਼ਿਲ੍ਹਾ ਕੋਆਰਡੀਨੇਟਰ ਸਤਿੰਦਰ ਸਿੰਘ ਸ਼ੱਕੂ ਗਰੋਵਰ, ਲੀਗਲ ਐਡਵਾਈਜ਼ਰ ਮਨਵੀਰ ਸਿੰਘ ਵਿਰਕ ਤੋਂ ਇਲਾਵਾ ਕੌਂਸਲਰ ਵੀ ਹਾਜ਼ਰ ਸਨ।
ਮੀਟਿੰਗ ‘ਚ ਸੁਰਜੀਤ ਸਿੰਘ ਰੱਖੜਾ ਨੇ ਸਮੁੱਚੀ ਲੀਡਰਸ਼ਿਪ ਦੀ ਜੇ.ਜੇ. ਸਿੰਘ ਨਾਲ ਜਾਣ-ਪਹਿਚਾਣ ਕਰਵਾਈ ਅਤੇ ਪਾਰਟੀ ਪ੍ਰਧਾਨ ਦੇ ਫੈਸਲੇ ਨੂੰ ਸੁਣਾਉਂਦਿਆ ਕਿਹਾ ਕਿ ਇਸ ਵਾਰ ਅਕਾਲੀ-ਭਾਜਪਾ ਗੱਠਜੋੜ ਨੇ ਜਨਰਲ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ, ਜਿਸ ਲਈ ਤੁਹਾਡੀ ਸਹਿਮਤੀ ਅਹਿਮ ਪਹਿਲੂ ਰੱਖਦੀ ਹੈ। ਸਮੁੱਚੀ ਲੀਡਰਸ਼ਿਪ ਨੇ ਜੇ.ਜੇ ਸਿੰਘ ਨੂੰ ਉਮੀਦਵਾਰ ਬਣਾਏ ਜਾਣ ‘ਤੇ ਮੋਹਰ ਲਗਾਉਂਦਿਆਂ ਆਪੋ-ਆਪਣੇ ਵਿਚਾਰ ਰੱਖੇ ਅਤੇ ਜਨਰਲ ਜੇ.ਜੇ. ਸਿੰਘ ਨੂੰ ਭਰੋਸਾ ਦਿੱਤਾ ਕਿ ਪਾਰਟੀ ਪ੍ਰਧਾਨ ਦੇ ਹੁਕਮਾਂ ‘ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਤਨ,ਮਨ, ਧਨ ਨਾਲ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ‘ਚ ਕੋਈ ਕਸਰ ਨਹੀਂ ਛੱਡਣਗੇ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ.ਜੇ. ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੀ ਹਾਰ ਦੇਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਕਮੁੱਠ ਹੋ ਕੇ ਨੇਕ ਇਰਾਦੇ ਨਾਲ ਇਹ ਲੜਾਈ ਲੜੀਏ ਤਾਂ ਕੈਪਟਨ ਅਮਰਿੰਦਰ ਦੀ ਹਾਰ ਨਿਸ਼ਚਿਤ ਹੈ। ਉਨ੍ਹਾਂ ਕਿਹਾ ਜਨਰਲ ਰਹਿੰਦਿਆਂ ਉਨ੍ਹਾਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਪ੍ਰੰਤੂ ਕੈਪਟਨ ਜੇ ਆਪਣੇ-ਆਪ ਨੂੰ ਚੁਣੌਤੀ ਦੱਸਦਾ ਹੈ ਤਾਂ ਇਸ ਵਾਰ ਜਨਰਲ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ‘ਨਾਨੀ’ ਚੇਤੇ ਕਰਾਉਣ ਦੀ ਗੱਲ ਕਹੀ ਹੈ, ਪ੍ਰੰਤੂ ਸਭ ਤੋਂ ਪਹਿਲਾਂ ਕੈਪਟਨ ਨੂੰ ਸੌੜੀ ਮਾਨਸਿਕਤਾ ਤਿਆਗਕੇ ਚੋਣ ਮੈਦਾਨ ‘ਚ ਆਹਮੋ-ਸਾਹਮਣੇ ਮੁਕਾਬਲੇ ਲਈ ਤਿਆਰ ਰਹੇ ਅਤੇ ਜਿੱਤ ਹਾਰ ਦਾ ਫੈਸਲਾ ਪਟਿਆਲਾ ਦੇ ਵੋਟਰ ਆਪੇ ਕਰ ਲੈਣਗੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇਸ ਵਾਰ ‘ਟੀਮ ਪਟਿਆਲਾ’ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਉਸ ਦੇ ਛੱਕੇ ਛੁਡਾ ਦੇਵੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇਕ,ਇਰਾਦਾ ਤੇ ਦ੍ਰਿੜ ਨਿਸ਼ਾਨੇ ਨਾਲ ਇਹ ਸੀਟ ਜਿੱਤਣ ਲਈ ਲੜੇਗਾ ਅਤੇ ‘ਪੂਰਨ ਫਤਹਿ ਕਰਕੇ ਹੀ ਦਮ ਲਵਾਂਗਾ।

