ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 33ਵੀਂ ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਸੰਪੰਨ
ਪਟਿਆਲਾ, 19 ਜਨਵਰੀ (ਜਸਵਿੰਦਰ ਸਿੰਘ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ “ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ(ਅਜੋਕੇ ਗਿਆਨ-ਵਿਗਿਆਨ ਅਤੇ ਤਕਨਾਲੋਜੀ ਦੇ ਸੰਦਰਭ ‘ਚ“)“ ਵਿਸ਼ੇ ਤੇ ਆਯੋਜਿਤ 33ਵੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸਮਾਪਤ ਹੋ ਗਈ।
ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ-ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਵਿਦਾਇਗੀ ਭਾਸ਼ਣ ਪੇਸ਼ ਕੀਤਾ। ਇਸ ਮੌਕੇ ਤੇ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਸ੍ਰ. ਗੁਰਭੇਜ ਸਿੰਘ ਗੁਰਾਇਆ, ਸਕੱਤਰ, ਪੰਜਾਬੀ ਅਕੈਡਮੀ, ਦਿੱਲੀ ਨੇ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਵੱਖ ਵੱਖ ਸ੍ਰੋਤਾਂ ਦੇ ਢੁੱਕਵੇਂ ਹਵਾਲੇ ਅਤੇ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਨੂੰ ਗਿਆਨ ਵਿਗਿਆਨ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਉਹਨਾਂ ਪੰਜਾਬੀ ਦੇ ਵਿਕਾਸ ਲਈ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਵਰਤਮਾਨ ਸਮੇਂ ਵਿਚ ਪੰਜਾਬੀ ਭਾਸ਼ਾ ਰਾਹੀਂ ਸਮਾਜ ਵਿਚ ਵੱਧ ਤੋਂ ਵੱਧ ਵਿਗਿਆਨਕ ਚੇਤਨਾ ਫੈਲਾਉਣਾ ਹੀ ਸਿੱਖਿਆ,ਸਾਹਿਤ,ਸਭਿਆਚਾਰ ਅਤੇ ਕਲਾ ਦਾ ਮਕਸਦ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਵਿਦਾਇਗੀ ਭਾਸ਼ਣ ਦਿੰਦਿਆਂ. ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ-ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਿਗਿਆਨ ਦੀ ਰੌਸ਼ਨੀ ਵਿਚ ਲਪੇਟ ਕੇ ਫੈਲਾਉਣਾ ਚਾਹੀਦਾ ਹੈ ਤਾਂ ਜੋ ਇਹ ਆਮ ਵਿਅਕਤੀਆਂ ਲਈ ਵੀ ਲਾਹੇਵੰਦ ਹੋ ਸਕੇ। ਡਾ. ਸੁਖਦੇਵ ਸਿੰਘ ਸਿਰਸਾ ਨੇ ਭਾਰਤੀ ਸੰਵਿਧਾਨ ਦੇ ਹਵਾਲੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਵਰਤਮਾਨ ਦੌਰ ਵਿਚ ਮੰਡੀ ਦੀ ਭਾਸ਼ਾ ਅਤੇ ਰੁਝਾਨ ਨੇ ਕਿਰਤ ਸਭਿਆਚਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਸਾਨੂੰ ਆਪਣੀ ਹੋਂਦ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਪੰਜਾਬੀ ਜ਼ੁਬਾਨ ਨੂੰ ਕਿੱਤਾਮੁੱਖੀ ਬਣਾਉਣ ਨਾਲ ਹੀ ਅਸੀਂ ਹਰ ਖਿੱਤੇ ਵਿਚ ਅੱਗੇ ਨਿਕਲ ਸਕਦੇ ਹਾਂ। ਇਸ ਦੌਰਾਨ ਵਿਭਾਗ ਦੇ ਪ੍ਰੋਫੈਸਰ ਡਾ. ਅਮਰਜੀਤ ਕੌਰ ਨੇ ਕਾਨਫਰੰਸ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਤੇ ਸ. ਕਿਰਪਾਲ ਸਿੰਘ ਪੰਨੂੰ ਅਤੇ ਡਾ. ਗੁਰਨਾਇਬ ਸਿੰਘ ਨੇ ਕਾਨਫਰੰਸ ਸੰਬੰਧੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਤੋਂ ਪਹਿਲਾਂ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਬਲਜੀਤ ਕੌਰ ਸੇਖੋਂ ਨੇ ਵੱਡੀ ਗਿਣਤੀ ਵਿਚ ਪੁੱਜੇ ਵਿਦਵਾਨਾਂ,ਚਿੰਤਕਾਂ, ਡੈਲੀਗੇਟਾਂ ਅਤੇ ਵਿਦਿਆਰਥੀਆਂ ਦਾ ਹਾਰਦਿਕ ਸੁਆਗਤ ਕੀਤਾ। ਕਾਨਫਰੰਸ ਕੋਆਰਡੀਨੇਟਰ ਡਾ. ਅਮਰਜੀਤ ਕੌਰ ਨੇ ਮੰਚ ਸੰਚਾਲਨ ਕੀਤਾ। ਡਾ. ਅੰਮ੍ਰਿਤਪਾਲ ਕੌਰ, ਡੀਨ ਭਾਸ਼ਾਵਾਂ ਨੇ ਆਏ ਮਹਿਮਾਨਾਂ ਦਾ
ਧੰਨਵਾਦ ਕੀਤਾ।

