ਪੰਜਾਬਪਟਿਆਲਾ

ਪੰਜਾਬ ਫਰੰਟ ਵੱਲੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ

ਡਾ. ਗਾਂਧੀ ਵੱਲੋਂ ਉਮੀਦਵਾਰ ਸ਼ਮਿੰਦਰ ਕੌਰ ਦੇ ਚੋਣ ਦਫਤਰ ਦਾ ਉਦਘਾਟਨ
ਆਮ ਆਦਮੀ ਪਾਰਟੀ ‘ਵਰਤੋਂ, ਸੁੱਟੋ ਤੇ ਨਸ਼ਟ ਕਰੋ’ ਦੀ ਤਰਜ੍ਹ ‘ਤੇ ਕੰਮ ਕਰ ਰਹੀ : ਡਾ. ਗਾਂਧੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਦੀਆਂ ਚੋਣਾਂ ‘ਚ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪੰਜਾਬ ਫਰੰਟ ਵੱਲੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰਾਂ ਦੀ ਖੁੱਲ੍ਹਕੇ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਇਹ ਐਲਾਨ ਹਲਕਾ ਦਿਹਾਤੀ ਤੋਂ ਚੋਣ ਲੜ ਰਹੀ ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ ਅਕਸ਼ਇੰਦਰ ਸਿੰਘ ਪਟਿਆਲਾ ਅਰਬਨ,ਂ ਸ਼ਮਿੰਦਰ ਕੌਰ ਪਟਿਆਲਾ ਰੂਰਲ, ਜਰਨੈਲ ਸਿੰਘ ਅਕਾਲਗੜ੍ਹ ਨਾਭਾ, ਰਣਜੀਤ ਰਾਣਾ ਰਾਜਪੁਰਾ, ਗੁਰਸੇਵਕ ਸਿੰਘ ਅੰਟਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਫਰੰਟ ਕੋਈ ਕਸਰ ਨਹੀਂ ਛੱਡੇਗਾ।
ਡਾ. ਗਾਂਧੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਅਸਲ ਮੁੱਦਿਆਂ ਨੂੰ ਪਾਸੇ ਰੱਖਕੇ ਸੌੜੇ ਸਿਆਸੀ ਹਿੱਤਾਂ ਲਈ ਸਿਆਸਤ ਕੀਤੀ ਜਾ ਰਹੀ, ਜਿਨ੍ਹਾਂ ਦਾ ਮਕਸਦ ਸਿਰਫ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਕੇ ਵੋਟ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਆਪ ਪਾਰਟੀ ‘ਚੋਂ ਨਵੀਂ ਕਿਰਨ ਵਿਖਾਈ ਦਿੱਤੀ ਸੀ, ਪ੍ਰੰਤੂ ਅਰਵਿੰਦ ਕੇਜਰੀਵਾਲ ਪਾਰਟੀ ‘ਚ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨਾਲ ‘ਵਰਤੋਂ, ਸੁੱਟੇ ਤੇ ਨਸ਼ਟ ਕਰਨ ਦੀ ਤਰਜ਼’ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੀ ਲੋਕਾਂ ਦੀ ਉਮੀਦਾਂ ਤੋਂ ਉਲਟ ਜਾ ਕੇ ਸੱਤਾ ਪ੍ਰਾਪਤੀ ਲਈ ਵੋਟ ਆਧਾਰਤ ਰਾਜਨੀਤੀ ਕਰ ਰਹੀ ਹੈ, ਜਿਸ ਕਾਰਨ ਲੋਕਾਂ ਦਾ ਆਪ ਪਾਰਟੀ ਤੋਂ ਵੀ ਮੋਹ ਭੰਗ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਆਪ ਪਾਰਟੀ ਆਪਣੇ ਸਿਧਾਂਤਾਂ ਤੋਂ ਉਲਟ ਚੱਲ ਕੇ ਚੋਣ ਮੈਦਾਨ ‘ਚ ਅਜਿਹੇ ਚਿਹਰਿਆਂ ਨੂੰ ਲੈ ਕੇ ਆਈ ਹੈ, ਜੋ ਕਾਂਗਰਸ ਅਤੇ ਅਕਾਲੀ ਦਲ ‘ਚ ਰਹਿ ਕੇ ਪਹਿਲਾਂ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਹਨ। ਉਨ੍ਹਾਂ ਚੋਣ ਮੈਦਾਨ ‘ਚ ਲਿਆਂਦੇ ਗਏ ਕਈ ਚਿਹਰਿਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਕੋਈ ਜਨ-ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕੇਜਰੀਵਾਲ ਨੇ ਰਵਾਇਤੀ ਪਾਰਟੀਆਂ ‘ਚੋਂ ਕੱਢੇ ਹੋਏ ਆਗੂਆਂ ਨੂੰ ਆਪ ਪਾਰਟੀ ‘ਚ ਸ਼ਾਮਲ ਕਰਕੇ ਟਿਕਟਾਂ ਦੀ ਵੰਡ ਕੀਤੀ, ਜਿਨ੍ਹਾਂ ਨੂੰ ਲੋਕ ਪਹਿਲਾਂ ਹੀ ਪਰਖ ਚੁੱਕੇ ਹਨ।
ਇਸ ਮੌਕੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ਼ਮਿੰਦਰ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਪਰਖ ਕੇ ਵੇਖ ਲਿਆ ਹੈ, ਜਿਨ੍ਹਾਂ ‘ਚੋਂ ਕੋਈ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹਾ ਨਹੀਂ ਉਤਰ ਰਿਹਾ। ਉਨ੍ਹਾਂ ਆਪਣਾ ਪੰਜਾਬ ਪਾਰਟੀ ਲਈ ਵੋਟ ਮੰਗਦਿਆਂ ਕਿਹਾ ਕਿ ਹਰ ਵੋਟਰ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਵੋਟ ਕਰਨ ਅਤੇ ਜਿੱਤ ਨੂੰ ਯਕੀਨੀ ਬਣਾਉਣ।
ਇਸ ਮੌਕੇ ਸ਼ਰਨਜੀਤ ਸਿੰਘ ਜੋਗੀਪੁਰ, ਜੋਗਾ ਸਿੰਘ ਚੱਪੜ, ਅਮਰਿੰਦਰ ਸਿੰਘ ਤੂੜ, ਜਰਨੈਲ ਸਿੰਘ ਅਕਾਲਗੜ੍ਹ ਨਾਭਾ, ਅਕਸ਼ਇੰਦਰ ਸਿੰਘ, ਜਗਦੀਸ਼ ਲਾਲ ਘਨੌਰ, ਗੌਰਵ ਕੁਮਾਰ ਘਨੌਰ, ਗੁਰਸੇਵਕ ਅੰਟਾਲ, ਇਕਬਾਲ ਗੱਜਣ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *