ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਦੇ ਹੱਕ ‘ਚ ਡਟੇ ਲੋਕ
ਕਾਂਗਰਸ, ਅਕਾਲੀ ਦਲ ਅਤੇ ਆਪ ਤੋਂ ਲੋਕਾਂ ਦਾ ਮੋਹ ਭੰਗ : ਸ਼ਮਿੰਦਰ ਕੌਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਨੇ ਚੋਣ ਮੁਹਿੰਮ ਨਿਵੇਕਲੇ ਹੀ ਢੰਗ ਨਾਲ ਵਿੱਢੀ ਹੋਈ ਹੈ, ਜੋ ਪੈਦਲ ਚੱਲ ਕੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ।
ਉਮੀਦਵਾਰ ਸ਼ਮਿੰਦਰ ਕੌਰ ਨੇ ਅਜਨੌਦਾ ਕਲਾਂ ਅਤੇ ਅਜਨੌਦਾ ਖੁਰਦ ‘ਚ ਜਾ ਕੇ ਵੋਟਰਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਆਪਣਾ ਪੰਜਾਬ ਪਾਰਟੀ ਦੇ ਹੱਕ ‘ਚ ਵੋਟਾਂ ਦੇਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇ ਲੋਕ ਆਪਣਾ ਪੰਜਾਬ ਪਾਰਟੀ ਨੂੰ ਸੱਤਾ ‘ਚ ਲਿਆਉਣ ਲਈ ਸਿਆਣਪ ਕਰਨ ਤਾਂ ਸਮਾਜ ‘ਚ ਅਜਿਹਾ ਬਦਲਾਅ ਲਿਆਂਦਾ ਜਾਵੇਗਾ, ਜੋ ਕਦੇ ਵੀ ਰਵਾਇਤੀ ਪਾਰਟੀਆਂ ਸੱਤਾ ਹਾਸਲ ਕਰਨ ਤੋਂ ਬਾਅਦ ਨਹੀਂ ਕਰ ਸਕੀਆਂ।
ਉਨ੍ਹਾਂ ਕਿਹਾ ਕਿ ਹਲਕਾ ਦਿਹਾਤੀ ਦੇ ਲੋਕਾਂ ‘ਚ ਕਾਂਗਰਸ, ਅਕਾਲੀ ਦਲ ਅਤੇ ਆਪ ਤੋਂ ਮੋਹ ਭੰਗ ਹੋ ਚੁੱਕਿਆ ਅਤੇ ਲੋਕ ਇਸ ਵਾਰ ਬਦਲਾਅ ਲਿਆਉਣ ਦੇ ਨਿਸ਼ਾਨੇ ਨਾਲ ਆਪਣੀ ਵੋਟ ਆਪਣਾ ਪੰਜਾਬ ਪਾਰਟੀ ਨੂੰ ਪਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਕਦੇ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇ ਲਾਲਚ ‘ਚ ਧ੍ਰੋਹ ਕਮਾ ਰਹੀ, ਜਿਸ ਦੀ ਹੋਲੀ ਹੋਲੀ ਲੋਕਾਂ ਨੂੰ ਸਮਝਣ ਪੈਣ ਲੱਗ ਪਈ ਹੈ।
ਉਨ੍ਹਾਂ ਕਿਹਾ ਕਿ ਹਲਕਾ ਦਿਹਾਤੀ ਦੇ ਲੋਕ ਜੇ ਆਪਣੀ ਵੋਟ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਨੂੰ ਦੇਣ ਤਾਂ ਸਿਸਟਮ ‘ਚ ਅਜਿਹੀ ਕ੍ਰਾਂਤੀ ਲਿਆਂਦੀ ਜਾਵੇਗੀ, ਜੋ ਲੋਕ ਚਾਹੁੰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਵੋਟਰ ਇਸ ਵਾਰ ਕਾਂਗਰਸ, ਅਕਾਲੀ ਦਲ ਅਤੇ ਆਪ ਨੂੰ ਵੋਟ ਭੁਗਤਾਉਣ ਦੀ ਬਜਾਏ ਸਹੀ ਪਾਰਟੀ ਅਤੇ ਉਮੀਦਵਾਰ ਦੀ ਪਹਿਚਾਣ ਕਰਕੇ ਵੋਟ ਦਾ ਇਸਤੇਮਾਲ ਕਰਨ।

