ਪਟਿਆਲਾ ਜ਼ਿਲ੍ਹੇ ਨਾਲ ਲਗਦੇ ਹਰਿਆਣਾ ਬਾਰਡਰ ‘ਤੇ ਵਿਸ਼ੇਸ਼ ਨਾਕੇ ਲਾਉਣ ਦੇ ਆਦੇਸ਼
ਦੋ ਫਰਵਰੀ ਸ਼ਾਮ ਪੰਜ ਵਜੇ ਤੋਂ ਚਾਰ ਫਰਵਰੀ ਸ਼ਾਮ ਪੰਜ ਵਜੇ ਤੱਕ ਪਟਿਆਲਾ ਜ਼ਿਲ੍ਹੇ ਦੇ ਨਾਲ-ਨਾਲ ਹਰਿਆਣਾ ਬਾਰਡਰ ‘ਚ ਤਿੰਨ ਕਿਲੋਮੀਟਰ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ
-ਚੋਣ ਆਬਜਰਵਰਾਂ ਵੱਲੋਂ ਅੰਬਾਲਾ, ਕੁਰਕਸ਼ੇਤਰ ਅਤੇ ਕੈਥਲ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਨੂੰ ਮੁਸਤੈਦੀ ਕਰਨ ਦੇ ਆਦੇਸ਼
ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਜ਼ਿਲ੍ਹੇ ਨਾਲ ਲਗਦੇ ਹਰਿਆਣਾ ਬਾਰਡਰ ‘ਤੇ ਵਿਸ਼ੇਸ਼ ਨਾਕੇ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ, ਹਰਿਆਣਾ ਦੇ ਅੰਬਾਲਾ, ਕੁਰਕਸ਼ੇਤਰ ਅਤੇ ਕੈਥਲ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਜਰਨਲ ਆਬਜਰਵਰਾਂ ਸ਼੍ਰੀ ਐਸ.ਕੇ ਵਸ਼ਿਸ਼ਟ, ਸ਼੍ਰੀ ਜੈ ਪ੍ਰਕਾਸ਼ ਸਾਗਰ, ਸ਼੍ਰੀ ਸੋਰਭ ਬਾਬੂ, ਸ਼੍ਰੀ ਸ਼ਮੀਰ ਵਰਮਾ ਅਤੇ ਪੁਲਿਸ ਆਬਜਰਵਰ ਸ਼੍ਰੀ ਗਰੀਬਦਾਸ ਨੇ ਵਿਸ਼ੇਸ਼ ਮੀਟਿੰਗ ਕਰਕੇ ਇਹ ਆਦੇਸ਼ ਜਾਰੀ ਕੀਤੇ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਹੀ ਹਰਿਆਣਾ ਵੱਲੋਂ ਵੱਡੀ ਮਾਤਰਾ ਵਿੱਚ ਸ਼ਰਾਬ ਤਸਕਰੀ ਹੋ ਕੇ ਲਿਆਈ ਜਾ ਰਹੀ ਹੈ। ਜਿਸ ਨੂੰ ਠੱਲ ਪਾਉਣ ਦੀ ਲੋੜ ਹੈ। ਇਸ ਤਾਲਮੇਲ ਮੀਟਿੰਗ ਦੌਰਾਨ ਉਹਨਾਂ ਜੋਰ ਦੇ ਕੇ ਕਿਹਾ ਕਿ ਹਰ ਗੱਡੀ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਸ਼ਰਾਬ, ਪੈਸੇ ਜਾਂ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਅਤੇ ਭੈੜੇ ਅਨਸਰਾਂ ਨੂੰ ਪੰਜਾਬ ਵਿੱਚ ਆਉਣ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਡਰਾਈ ਡੇਅ ਘੋਸ਼ਿਤ ਹੋ ਜਾਵੇਗਾ। ਇਸ ਦੇ ਨਾਲ ਹੀ ਦੋ ਫਰਵਰੀ ਸ਼ਾਮ ਪੰਜ ਵਜੇ ਤੋਂ ਚਾਰ ਫਰਵਰੀ ਸ਼ਾਮ ਪੰਜ ਵਜੇ ਤੱਕ ਪਟਿਆਲਾ ਜ਼ਿਲ੍ਹੇ ਦੇ ਨਾਲ-ਨਾਲ ਹਰਿਆਣਾ ਬਾਰਡਰ ‘ਚ ਤਿੰਨ ਕਿਲੋਮੀਟਰ ਤੱਕ ਸ਼ਰਾਬ ਦੇ ਠੇਕੇ ਵੀ ਬੰਦ ਰਹਿਣਗੇ।
ਇਸ ਤੋਂ ਇਲਾਵਾ ਚੋਣ ਆਬਜਰਵਰਾਂ ਵੱਲੋਂ ਅੰਬਾਲਾ, ਕੁਰਕਸ਼ੇਤਰ ਅਤੇ ਕੈਥਲ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਨਾਲ ਮੁਸਤੈਦੀ ਕਰਨ ਦੇ ਆਦੇਸ਼ ਦਿੱਤੇ ਹਨ ਨਾਲ ਹੀ ਉਹਨਾਂ ਕਿਹਾ ਕਿ ਜਮੀਨੀ ਪੱਧਰ ‘ਤੇ ਪਟਿਆਲਾ ਜ਼ਿਲ੍ਹੇ ਦੇ ਐਸ.ਡੀ.ਐਮ. ਅਤੇ ਐਸ.ਐਚ.ਓ. ਪੱਧਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾਵੇ। ਦੋਨੋ ਰਾਜਾਂ ਵਿੱਚ ਲਗਾਤਾਰ ਪੈਟਰੋਲਿੰਗ ਹੋਵੇ ਤਾਂ ਕਿ ਪੰਜਾਬ ਵਿੱਚ ਚੋਣਾਂ ਸ਼ਾਤੀਪੂਰਨ ਅਤੇ ਨਿਰਵਿਘਨ ਤਰੀਕੇ ਨਾਲ ਨੇਪਰੇ ਚੜਾਈਆਂ ਜਾ ਸਕਣ।
ਇਸ ਮੌਕੇ ਹਰਿਆਣਾ ਵੱਲੋਂ ਅੰਬਾਲਾ, ਕੈਥਲ ਅਤੇ ਕੁਰਕਸ਼ੇਤਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਸੰਦੀਪ ਹੰਸ, ਐਸ.ਐਸ.ਪੀ. ਡਾ. ਐਸ. ਭੂਪਤੀ, ਐਸ.ਪੀ. ਸ਼੍ਰੀ ਸੁਖਦੇਵ ਸਿੰਘ ਵਿਰਕ ਵੀ ਮੌਜੂਦ ਸਨ।

