ਪੰਜਾਬਪਟਿਆਲਾ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ, ਚੋਣ ਪ੍ਰਚਾਰ ਬੰਦ

ਪੋਲਿੰਗ ਪਾਰਟੀਆਂ ਅੱਜ ਰਵਾਨਾ ਹੋਣਗੀਆਂ
14 ਲੱਖ 4 ਹਜਾਰ 316 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ
15 ਹਜਾਰ ਸਟਾਫ ਤਾਇਨਾਤ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕਾਂ ਨੂੰ ਬਿਨਾਂ ਕਿਸੇ ਡਰ, ਲਾਲਚ, ਧਰਮ ਤੇ ਜਾਤਪਾਤ ਤੋਂ ਉਪਰ ਉਠਕੇ ਵੋਟਾਂ ਪਾਉਣ ਦੀ ਅਪੀਲ
ਪਟਿਆਲਾ, 2 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
4 ਫਰਵਰੀ ਨੂੰ ਹੋਣ ਜਾ ਰਹੀਆਂ 15 ਵੀਆਂ ਆਮ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮੀ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਅਤੇ ਜ਼ਿਲ੍ਹੇ ਦੇ ਬਾਹਰਲੇ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਲਈ ਕਿਹਾ ਗਿਆ ਹੈ ਅਤੇ 3 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਿੱਤਾ ਜਾਵੇਗਾ। ਵੋਟਾਂ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ 14 ਲੱਖ 4 ਹਜਾਰ 316 ਵੋਟਰ 4 ਫਰਵਰੀ ਨੂੰ 1594 ਬੂਥਾਂ ‘ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।
ਉਹਨਾਂ ਦੱਸਿਆ ਕਿ ਚੋਣ ਅਮਲ ਨੂੰ ਸਫਲਤਾ ਪੂਬਰਕ ਨੇਪਰੇ ਚਾੜਨ ਲਈ 15 ਹਜਾਰ ਦੇ ਕਰੀਬ ਸਟਾਫ ਤਾਇਨਾਤ ਕੀਤਾ ਗਿਆ ਹੈ। ਜਿਹਨਾਂ ਵਿੱਚ 8000 ਪੋਲਿੰਗ ਸਟਾਫ, 5000 ਕੇਂਦਰੀ ਸੁਰੱਖਿਆ ਬਲ ਤੇ 3000 ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 1594 ਬੂਥਾਂ ਵਿੱਚ 354 ਬੂਥਾਂ ‘ਤੇ ਵੈਬ ਕਾਸਟਿੰਗ ਹੋਵੇਗੀ ਅਤੇ 30 ਬੂਥਾਂ ‘ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਜਦਕਿ 60 ਜਵਾਨ ਬੂਥਾਂ ‘ਤੇ ਕੇਂਦਰੀ ਸੁਰੱਖਿਆ ਬਲ ਦੇ ਨਾਲ-ਨਾਲ ਉਥੇ ਵੀਡੀਓਗ੍ਰਾਫੀ ਵੀ ਹੋਵੇਗੀ। ਇਸ ਤੋਂ ਇਲਾਵਾ ਸੈਕਟਰ ਅਫ਼ਸਰ ਤੇ ਮਾਈਕਰੋ ਆਬਜਰਵਰ ਸਾਰੇ ਬੂਥਾਂ ‘ਤੇ ਤਿੱਖੀ ਨਜ਼ਰ ਰੱਖਣਗੇ। ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ 114-ਸਨੌਰ ਤੇ 115-ਪਟਿਆਲਾ ਸ਼ਹਿਰੀ ਹਲਕਿਆਂ ਵਿੱਚ ਵੀ.ਵੀ.ਪੈਟ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਥੇ ਵੋਟਰ 7 ਸਕਿੰਟ ਲਈ ਆਪਣੀ ਪਾਈ ਗਈ ਵੋਟ ਵੇਖ ਸਕਣਗੇ ਪਰ 7 ਸਕਿੰਟ ਬਾਅਦ ਇਹ ਵੋਟ ਪਰਚੀ ਇੱਕ ਸੀਲ ਬੰਦ ਡੱਬੇ ਵਿੱਚ ਚਲੀ ਜਾਵੇਗੀ। ਜਿਸਨੂੰ ਕੋਈ ਹੋਰ ਨਹੀਂ ਦੇਖ ਸਕੇਗਾ।
ਉਹਨਾਂ ਦੱਸਿਆ ਕਿ ਹਰੇਕ ਬੂਥ ਦੇ ਬਾਹਰ ਇੱਕ ਵੋਟਰ ਸਹੂਲਤ ਕੇਂਦਰ ਬਣਾਇਆ ਗਿਆ ਹੈ ਜਿਥੇ ਵੋਟਰ ਆਪਣੀ ਵੋਟ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਲਗਭਗ ਸਾਰੇ ਵੋਟਰਾਂ ਨੂੰ ਵੋਟਰ ਪਰਚੀਆਂ ਮੁਹੱਈਆ ਕਰ ਦਿੱਤੀਆਂ ਗਈਆ ਹਨ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਚੰਗੇ ਸਿਹਤਮੰਦ ਤੇ ਸਾਫ ਸੁਥਰੇ ਸਮਾਜ ਦੀ ਸਿਰਜਣਾ ਲਈ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਬਿਨਾਂ ਕਿਸੇ ਡਰ, ਲਾਲਚ, ਜਾਤਪਾਤ ਅਤੇ ਧਰਮ ਤੋਂ ਉਪਰ ਨਿਰਪੱਖ ਹੋ ਕੇ ਆਪਣੇ ਅਣਮੁੱਲੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਵੋਟਰ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਇੱਕ ਮਜਬੂਤ ਲੋਕਤੰਤਰ ਦੀ ਚੋਣ ਕਰਨ।

Leave a Reply

Your email address will not be published. Required fields are marked *