ਕੈਪਟਨ ਅਮਰਿੰਦਰ ਨੇ ਗਰੀਬ ਕਲੋਨੀਆਂ ‘ਚ ਮਾਲਿਕਾਨਾ ਅਧਿਕਾਰ ਦੇਣ ਅਤੇ ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਕੀਤਾ ਐਲਾਨ
ਪਟਿਆਲਾ 2 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਚੋਣ ਰੈਲੀ ਦੌਰਾਨ ਠਾਂਠਾ ਮਾਰਦੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਧੱਕਾ ਕਲੋਨੀ, ਸੰਜੇ ਕਲੋਨੀ, ਅਤੇ ਇਹੋ ਜਿਹੀਆਂ ਹੋਰ ਗਰੀਬ ਕਲੋਨੀਆਂ ਦੇ ਗਰੀਬ ਲੋਕਾਂ ਨੂੰ ਉਹਨਾਂ ਦੇ ਪੱਕੇ ਮਾਲਿਕਾਨਾ ਹੱਕ ਦੇਣ ਅਤੇ ਪੂਰੇ ਪੰਜਾਬ ਵਿਚ ਠੇਕੇ ਉਪਰ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਇੱਕ ਅਹਿਮ ਐਲਾਨ ਕੀਤਾ ਹੈ।
ਕੈਪਟਨ ਨੇ ਅੱਗੇ ਕਿਹਾ ਕਿ ਅਜਿਹੀਆਂ ਕਲੋਨੀਆਂ ਦੇ ਲੋਕ ਕਈ ਦਹਾਕਿਆਂ ਤੱਕ ਇਥੇ ਰਹਿਣ ਦੇ ਬਾਵਜੂਦ ਮੁੱਢਲੀਆਂ ਅਤੇ ਅਹਿਮ ਘਰੇਲੂ ਸੁਵਿਧਾਵਾਂ ਤੋਂ ਵਾਂਝੇ ਹਨ। ਸਰਕਾਰ ਬਣਨ ਤੇ ਇਹਨਾਂ ਕਲੋਨੀਆਂ ਨੂੰ ਰੈਗੂਲਰ ਕਰਨ ਅਤੇ ਮਾਲਿਕਾਨਾ ਹੱਕ ਦੇਣ ਤੇ ਜਿੱਥੇ ਇਹਨਾਂ ਕਲੋਨੀਆਂ ਦਾ ਵੱਡੇ ਪੱਧਰ ਤੇ ਵਿਕਾਸ ਹੋਵੇਗਾ ਉਥੇ ਹੀ ਇਹਨਾਂ ਦੇ ਬੱਚਿਆਂ ਦਾ ਭਵਿੱਖ ਵੀ ਸੰਵਰੇਗਾ।
ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੱਤਾ ਵਿਚ ਆਉਣ ਤੇ ਉਨ੍ਹਾਂ ਦੀ ਸਰਕਾਰ ਲਈ ਪਟਿਆਲਾ ਦਾ ਵਿਕਾਸ ਪਹਿਲ ਤੇ ਰਹੇਗਾ ਅਤੇ ਉਹ ਪਟਿਆਲਵੀਆਂ ਵੱਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਦਿੱਤੇ ਗਏ ਪਿਆਰ ਨੂੰ ਸਿਰ ਝੁਕਾ ਸਵੀਕਾਰ ਕਰਦੇ ਹਨ ਅਤੇ ਵਾਅਦਾ ਕਰਦੇ ਹਨ ਕਿ ਉਹ ਕਦੇ ਵੀ ਗਰੀਬ ਲੋਕਾਂ ਦਾ ਸਾਥ ਨਹੀ ਛੱਡਣਗੇ। ਇਸਦੇ ਨਾਲ ਹੀ ਉਹਨਾਂ ਨੇ ਡੇਰਿਆਂ ਦੀ ਜਮੀਨ ਦੇ ਠੇਕੇਧਾਰਕਾਂ ਨੂੰ ਇੱਕ ਵਾਰ ਫਿਰ ਤੋਂ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਉਹਨਾਂ ਦੀਆਂ ਜਾਇਦਾਦਾਂ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਰਕਾਰ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਅਜਿਹੀਆਂ ਸਾਰੀਆਂ ਜਾਇਦਾਦਾਂ ਨੂੰ ਰੈਗੂਲਰ ਕਰ ਦੇਵੇਗੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਠੇਕੇ ਉਪਰ ਕੰਮ ਕਰਦੇ ਸਾਰਿਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਆਪਣਾ ਵਾਅਦਾ ਦੁਹਰਾਇਆ, ਜਿਸ ਦਾ ਇੱਕ ਵੱਡਾ ਹਿੱਸਾ ਪਟਿਆਲਾ ਨਾਲ ਸਬੰਧਤ ਹੈ। ਸਰਕਾਰ ਬਣਨ ਉਪਰੰਤ ਬਾਅਦ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਕਦਮ ਚੁੱਕੇਗੀ। ਕੈਪਟਨ ਅਮਰਿੰਦਰ ਨੇ ਪਟਿਆਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਸੁਣਦਿਆ, ਮੁਸਲਿਮਾਂ ਤੇ ਕ੍ਰਿਸ਼ਚਿਅਨਾਂ ਲਈ ਕਬਰਸਤਾਨਾਂ ਦੇ ਨਿਰਮਾਣ ਵਾਸਤੇ ਜ਼ਮੀਨ ਦਾ ਇੰਤਜਾਮ ਵੀ ਕਰੇਗੀ ਤਾਂ ਜੋ ਮ੍ਰਿਤਕਾਂ ਨੂੰ ਪੂਰੇ ਸਨਮਾਨ ਨਾਲ ਦਫਨਾਇਆ ਜਾ ਸਕੇ।

