ਲੋਕ ਵਿਕਾਸ, ਅਮਨ-ਸ਼ਾਂਤੀ ਤੇ ਫਿਰਕੂ ਇਕਸੁਰਤਾ ਲਈ ਖੁਲ੍ਹ ਕੇ ਅਕਾਲੀ ਦਲ-ਭਾਜਪਾ ਨੂੰ ਵੋਟਾਂ ਪਾਉਣ- ਜੇ.ਜੇ. ਸਿੰਘ
ਪਟਿਆਲਾ, 3 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ ਲਈ ਭਲਕੇ ਪੈਣ ਵਾਲੀਆਂ ਵੋਟਾਂ ਸੰਬੰਧੀਂ ਪਟਿਆਲਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਇਸ ਸੀਟ ‘ਤੇ ਨੱਕੋ-ਨੱਕ ਟੱਕਰ ਸਮਝਦਿਆਂ ਅਪਣੇ ‘ਮਿਸ਼ਨ ਸੰਪੂਰਨ ਫ਼ਤਹਿ’ ਦੀ ਜਿਤ ਲਈ ਮਾਈਕਰੋ ਮੈਨੇਜਮੈਂਟ (ਸੂਖਮ ਪ੍ਰਬੰਧਨ) ਕੀਤੀ ਹੈ।
ਜਨਰਲ ਨੇ ਪਹਿਲਾਂ ਅਪਣੇ ਫ਼ੌਜੀ ਜੀਵਨ ‘ਚ ਕਾਰਗਿਲ ਦੀ ਜੰਗ ਸਮੇਤ ਹੋਰਨਾਂ ਮੋਰਚਿਆਂ ‘ਚ ਫ਼ਤਹਿ ਹਾਸਲ ਕਰਨ ਲਈ ਬਣਾਈ ਰਣਨੀਤੀ ਨਾਲ ਜਿੱਤਾਂ ਹਾਸਲ ਕੀਤੀਆਂ ਤੇ ਹੁਣ ਅਪਣੀ ਤੀਜੀ ਪਾਰੀ ਲਈ ਵੀ ਉਨ੍ਹਾਂ ਨੇ ਅਜਿਹੀ ਹੀ ਰਣਨੀਤੀ ਬਣਾਈ ਹੈ, ਜਿਸ ਨਾਲ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੂੰ ਪਟਕਣੀ ਦਿਤੀ ਜਾਵੇਗੀ।
ਇਸ ਫਸਵੇਂ ਮੁਕਾਬਲੇ ‘ਚ ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਜਨਰਲ ਦੇ ਨਾਲ ਯੂਥ ਅਕਾਲੀ ਦਲ ਦੇ ਮਾਲਵਾ ਜੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੰਤਰੀ ਤੇ ਸ਼ਹਿਰੀ ਅਕਾਲੀ ਜਥੇ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਮੇਅਰ ਅਮਰਿੰਦਰ ਸਿੰਘ ਬਜ਼ਾਜ਼, ਦਫ਼ਤਰ ਇੰਚਾਰਜ ਨਰਦੇਵ ਸਿੰਘ ਆਕੜੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ, ਅਜੇ ਥਾਪਰ, ਛੱਜੂ ਰਾਮ ਸੋਫ਼ਤ, ਸਰੂਪ ਸਿੰਘ ਸਹਿਗਲ, ਬੀਬਾ ਸਹਿਗਲ ਸਮੇਤ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਐਸ.ਕੇ. ਦੇਵ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਹਰਿੰਦਰ ਕੋਹਲੀ, ਅਨਿਲ ਬਜਾਜ, ਭੁਪੇਸ਼ ਅਗਰਵਾਲ, ਬਲਵੰਤ ਰਾਏ ਅਤੇ ਹੋਰ ਸੀਨੀਅਰ ਆਗੂਆਂ ਦੀ ਟੀਮ ਨੇ ਏਕਾ ਕਰਕੇ ਦਿਨ-ਰਾਤ ਇਕ ਕਰ ਦਿਤਾ ਹੈ।
ਜਨਰਲ ਜੇ.ਜੇ. ਸਿੰਘ ਨੇ ਅੱਜ ਸ਼ਹਿਰ ‘ਚ ਵੋਟਾਂ ਪਾਉਣ ਲਈ ਬਣਾਏ ਗਏ ਬੂਥਾਂ ਦਾ ਦੌਰਾ ਕੀਤਾ ਤੇ ਬੂਥ ਸਾਂਭਣ ਵਾਲੀ ਅਕਾਲੀ-ਭਾਜਪਾ ਦੀ ਟੀਮ ਨੂੰ ਹੱਲਾਸ਼ੇਰੀ ਦਿਤੀ ਤਾਂ ਕਿ ਇਕ-ਇਕ ਵੋਟ ਅਕਾਲੀ-ਭਾਜਪਾ ਗਠਜੋੜ ਦੇ ਹੱਕ ‘ਚ ਭੁਗਤਾਈ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਸੂਬੇ ‘ਚ ਵਿਕਾਸ, ਅਮਨ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਤੇ ਫਿਰਕੂ ਇਕਸੁਰਤਾ ਲਈ ਅਕਾਲੀ-ਭਾਜਪਾ ਗਠਜੋੜ ਨੂੰ ਜਿਤਾਉਣਾ ਜਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕਾਂ ਦੇ ਭਰਵੇਂ ਸਹਿਯੋਗ ਸਦਕਾ ਇਕ ਵਾਰ ਮੁੜ ਤੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਗਠਜੋੜ ਸਰਕਾਰ ਬਣੇਗੀ। ਇਸ ਮੌਕੇ ਬੂਥ ਪੱਧਰ ਦੇ ਅਕਾਲੀ-ਭਾਜਪਾ ਵਰਕਰਾਂ ਤੇ ਆਗੂਆਂ ਨੇ ਭਰੋਸਾ ਦਿਤਾ ਕਿ ਇਕ-ਇਕ ਵੋਟ ਅਕਾਲੀ-ਭਾਜਪਾ ਦੇ ਹੱਕ ‘ਚ ਭੁਗਤਾਉਣੀ ਯਕੀਨੀ ਬਣਾਈ ਜਾਵੇਗੀ।
ਇਸੇ ਦੌਰਾਨ ਸ੍ਰੀ ਭਗਵਾਨ ਦਾਸ ਜੁਨੇਜਾ, ਹਰਪਾਲ ਜੁਨੇਜ, ਸੁਰਜੀਤ ਸਿੰਘ ਕੋਹਲੀ, ਮੇਅਰ ਇੰਦਰਮੋਹਨ ਸਿੰਘ ਬਜ਼ਾਜ਼, ਵਿਸ਼ਨੂੰ ਸ਼ਰਮਾ, ਅਜੇ ਥਾਪਰ, ਐਸ.ਕੇ. ਦੇਵ ਤੇ ਹੋਰ ਆਗੂਆਂ ਨੇ ਕਿਹਾ ਕਿ ਜਨਰਲ ਜੇ.ਜੇ. ਸਿੰਘ ਨੇ ਸਿਆਸਤ ਦੇ ਨਵੇਂ ਮਿਆਰ ਛੂਹੇ ਹਨ। ਉਨ੍ਹਾਂ ਕਿਹਾ ਕਿ ਜਨਰਲ ਨੇ ਸਾਇਕਲ, ਮੋਟਰਸਾਇਕਲ ਅਤੇ ਪੈਦਲ ਮਾਰਚ ਕਰਕੇ ਸ਼ਹਿਰ ਦੇ ਹਰ ਇਕ ਵੋਟਰ ਤਕ ਪਹੁੰਚ ਬਣਾਈ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਇਕ ਦੋ ਥਾਵਾਂ ‘ਤੇ ਹੀ ਮੀਟਿੰਗਾਂ ਕਰਕੇ ਚਲਦੇ ਬਣੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਨਾਮਣਾ ਖੱਟ ਚੁਕੇ ਜਨਰਲ ਜੇ.ਜੇ. ਸਿੰਘ ਦੀ ਦੂਰਅੰਦਸ਼ੀ ਸੋਚ ਦਾ ਪਟਿਆਲਵੀਆਂ ਨੂੰ ਲਾਹਾ ਲੈਣ ਲਈ ਉਨ੍ਹਾਂ ਦੇ ਹਕ ‘ਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ।

