ਖਸਤਾ ਹਾਲਤ ਮਕਾਨ ਦੀ ਕੰਧ ਡਿੱਗਣ ਕਾਰਨ ਮਥੁਰਾ ਕਲੋਨੀ ਦੇ ਨੌਜਵਾਨ ਦੀ ਮੌਤ
ਡਾ. ਬਲਬੀਰ ਸਿੰਘ ਵਲੋਂ ਨੌਜਵਾਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਪਟਿਆਲਾ 8ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਮਥੁਰਾ ਕਲੋਨੀ ਵਿਖੇ ਇਕ ਖਸਤਾ ਹਾਲਤ ਮਕਾਨ ਦੀ ਕੰਧ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਵਿਸ਼ਾਲ ਨਾਮੀਂ 19 ਵਰ੍ਹਿਆਂ ਦਾ ਨੌਜਵਾਨ ਆਪਣੇ ਘਰ ਅੰਦਰ ਸੁੱਤਾ ਪਿਆ ਸੀ ਕਿ ਅਚਾਨਕ ਉਸ ‘ਤੇ ਕੰਧ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਵਲੋਂ ਮਥੁਰਾ ਕਲੋਨੀ ਦਾ ਦੌਰਾ ਕੀਤਾ ਗਿਆ। ਮਥੁਰਾ ਕਲੋਨੀ ਵਿਖੇ ਡਾ. ਬਲਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਵਿਸ਼ਾਲ ਦੇ ਘਰ ਪਹੁੰਚੇ। ਵਿਸ਼ਾਲ ਇਕ ਬਹੁਤ ਹੀ ਗਰੀਬ ਪਰਿਵਾਰ ਦਾ ਨੌਜਵਾਨ ਸੀ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਿਸ਼ਾਲ ਦਾ ਮਕਾਨ ਇਕ ਗੰਦੇ ਨਾਲੇ ‘ਤੇ ਬਣਿਆ ਹੋਇਆ ਹੈ। ਇਸ ਗੰਦੇ ਨਾਲੇ ਵਿਚ ਬਰਸਾਤ ਅਤੇ ਸੀਵਰੇਜ਼ ਦਾ ਪਾਣੀ ਡਿੱਗਦਾ ਹੈ।ਜਿਸ ਕਾਰਨ ਇਨ੍ਹਾਂ ਮਕਾਨਾਂ ਦੇ ਕਿਸੇ ਵੀ ਸਮੇਂ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਪ੍ਰੰਤੂ ਮਕਾਨਾਂ ਦੀ ਖਸਤਾ ਹਾਲਤ ਦੇ ਬਾਵਜੂਦ ਲੋਕ ਇਨ੍ਹਾਂ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਸੁੱਤੇ ਪਏ ਵਿਸ਼ਾਲ ‘ਤੇ ਮਕਾਨ ਦੀ ਕੰਧ ਡਿਗੀ ਤੇ ਉਸ ਦੀ ਮੌਤ ਹੋ ਗਈ।ਡਾ. ਸਿੰਘ ਨੇ ਕਿਹਾ ਕਿ ਵਿਸ਼ਾਲ ਗਰੀਬ ਮਾਪਿਆਂ ਦਾ ਸਹਾਰਾ ਸੀ। ਜੋ ਸੂਬੇ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਕਦੇ ਵੀ ਗਰੀਬਾਂ ਦੀ ਬਾਂਹ ਨਹੀਂ ਫੜੀ। ਮਥੁਰਾ ਕਲੋਨੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਖਸਤਾ ਹਾਲਤ ਮਕਾਨ ਹਨ ਜਿਨ੍ਹਾਂ ਵਿਚ ਗਰੀਬ ਪਰਿਵਾਰ ਆਪਣੀ ਜ਼ਿੰਦਗੀ ਦਾਅ ‘ਤੇ ਲਾ ਕੇ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਵਿਸ਼ਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਿਥੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ, ਉਥੇ ਹੀ ਸਰਕਾਰ ਤੋਂ ਇਸ ਗਰੀਬ ਪਰਿਵਾਰ ਲਈ 20 ਲੱਖ ਰੁਪਏ ਦੀ ਮਦਦ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਗਰੀਬਾਂ ਲਈ ਦਿੱਲੀ ਦੀ ਤਰਜ਼ ‘ਤੇ ਪੱਕੇ, ਸਾਫ ਸੁਥਰੇ ਅਤੇ ਸੁਰੱਖਿਅਤ ਮਕਾਨ ਪਹਿਲ ਦੇ ਆਧਾਰ ‘ਤੇ ਬਣਾਏ ਜਾਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨਾਲ ਜੇ ਪੀ ਸਿੰਘ, ਪ੍ਰਦੀਪ ਜੋਸਨ, ਸੱਤਪਾਲ ਸੈਣੀ, ਤਜਿੰਦਰ ਮਹਿਤਾ, ਅੰਗਰੇਜ਼ ਸਿੰਘ, ਗੁਰਿੰਦਰ ਸਿੰਘ, ਅਨਮੋਲ ਸਿੰਘ ਸੈਣੀ ਅਤੇ ਮੋਹਨ ਲਾਲ ਮੌਜੂਦ ਸਨ।

