ਧਬਲਾਨ ਡਿਸਪੈਂਸਰੀ ਅਧੀਨ ਪੈਂਦੇ ਸਕੂਲਾਂ ਦੇ ਸੈਂਕੜੇ ਬੱਚਿਆਂ ਨੂੰ ਦਿੱਤੀ ਗਈ ਡੀ ਵਾਰਮਿੰਗ ਦਵਾਈ
ਨੈਸ਼ਨਲ ਡੀ ਵਾਰਮਿੰਗ ਡੇਅ ਮਨਾਉਣਾ ਤੰਦਰੁਸਤ ਭਾਰਤ ਦੇ ਨਿਰਮਾਣ ਵੱਲ ਵੱਧਦਾ ਅਹਿਮ ਕਦਮ : ਡਾ. ਅਸਲਮ
ਪਟਿਆਲਾ, 16 ਜਨਵਰੀ (ਮਧੂਸਾਰ ਬਿਊਰੋ)
ਧਬਲਾਨ ਡਿਸਪੈਂਸਰੀ ਅਧੀਨ ਪੈਂਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਅੱਜ ਨੈਸ਼ਨਲ ਡੀ ਵੋਰਮਿੰਗ ਡੇ ਦੇ ਤਹਿਤ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਦਵਾਈ ਦਿੱਤੀ ਗਈ। ਡਿਸਪੈਂਸਰੀ ਦੇ ਰੂਰਲ ਮੈਡੀਕਲ ਅਫਸਰ ਅਤੇ ਪੰਜਾਬ ਰੂਰਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਸਲਮ ਪ੍ਰਵੇਜ਼ ਦੀ ਅਗਵਾਈ ਹੇਠ ਅੱਜ ਸਮੁੱਚੇ ਸਕੂਲਾਂ ਤੇ ਆਂਗਣਵਾੜੀਆਂ ਵਿਚ ਬੱਚਿਆਂ ਨੂੰ ਡੀ ਵੋਰਮਿੰਗ ਦੀ ਦਵਾਈ ਦਿੱਤੀ ਗਈ।
ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਡਾ. ਅਮਨਦੀਪ ਸਿੰਘ, ਫਾਰਮਾਸਿਸਟ ਕਮਲ ਅਵਸਥੀ, ਅਜੀਤ ਸਿੰਘ ਲੈਬ ਟੈਕਨੀਸ਼ੀਅਨ, ਜਤਿੰਦਰ ਕੌਰ ਏ. ਐਨ. ਐਮ., ਹਰਵਿੰਦਰ ਸਿੰਘ, ਗੁਰਮੀਤ ਸਿੰਘ, ਮੁੱਖ ਅਧਿਆਪਕਾ ਦਵਿੰਦਰਪਾਲ ਕੌਰ, ਸੁਖਵਿੰਦਰ ਸਿੰਘ, ਮੈਡਮ ਮਿਨਾਕਸ਼ੀ, ਮੈਡਮ ਪ੍ਰੀਤੀ ਅਤੇ ਸਮੁੱਚੀ ਆਸ਼ਾ ਵਰਕਰਾਂ ਦੀਆਂ ਟੀਮਾਂ ਨੇ ਆਪਣੀ ਦੇਖ ਰੇਖ ਵਿਚ ਸਕੂਲਾਂ ਅਤੇ ਆਂਗਣਵਾੜੀ ਬੱਚਿਆਂ ਨੂੰ ਦਵਾਈ ਦਿੱਤੀ। ਧਬਲਾਨ ਡਿਸਪੈਂਸਰੀ ਦੇ ਅਧੀਨ ਪੈਂਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀ ਖਾਸੀਅਤ ਅੱਜ ਇਹ ਰਹੀ ਕਿ ਇਥੇ ਡੀ-ਵਾਰਮਿੰਗ ਦਵਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਖੂਨ ਦੇ ਟੈਸਟ ਵੀ ਕੀਤੇ ਗਏ, ਜਿਸ ਵਿਚ ਵਿਦਿਆਰਥੀਆਂ ਵਿਚ ਖੂਨ ਦੀ ਘਾਟ ਕਿੰਨੀ ਅਤੇ ਕਿਉਂ ਆ ਰਹੀ ਹੈ ਅਤੇ ਉਨ੍ਹਾਂ ਦਾ ਐਚ. ਬੀ. ਕਿੰਨਾ ਹੈ ਆਦਿ ਦੇ ਟੈਸਟ ਧਾਮੀ ਕਲੀਨਿਕ ਐਂਡ ਹੈਲਥ ਕੇਅਰ ਕਲਿਆਣ ਵਲੋਂ ਮੁਫਤ ਵਿਚ ਕੀਤੇ ਗਏ। ਡਾ. ਅਮਨਦੀਪ ਸਿੰਘ ਦੇ ਯਤਨਾਂ ਨਾਲ 300 ਬੱਚਿਆਂ ਦਾ ਸਰਕਾਰੀ ਹਾਈ ਸਕੂਲ ਧਬਲਾਨ ਵਿਖੇ ਐਚ. ਬੀ. ਟੈਸਟ ਕੀਤਾ ਗਿਆ। ਇਸ ਮੌਕੇ ਡਾ. ਅਸਲਮ ਪ੍ਰਵੇਜ਼ ਨੇ ਦੱਸਿਆ ਕਿ ਡੀ-ਵਾਰਮਿੰਗ ਡੇਅ ਮਨਾਉਣ ਦਾ ਮੁੱਖ ਮਨੌਰਥ ਇਹ ਹੈ ਕਿ ਆਮ ਤੌਰ ‘ਤੇ ਸਕੂਲੀ ਬੱਚਿਆਂ ਦੇ ਪੇਟ ਵਿਚ ਕੀੜਿਆਂ ਦੀ ਸ਼ਿਕਾਇਤ ਰਹਿਣ ਦੇ ਕਾਰਨ ਉਨ੍ਹਾਂ ਵਿਚ ਖੂਨ ਦੀ ਘਾਟ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਧਿਆਨ ਸਹੀ ਤਰੀਕੇ ਨਾਲ ਪੜ੍ਹਾਈ ਵਿਚ ਨਹੀਂ ਲੱਗ ਪਾਉਂਦਾ। ਉਨ੍ਹਾਂ ਕਿਹਾ ਕਿ ਇਸੇ ਲਈ ਕੇਂਦਰ ਸਰਕਾਰ ਨੇ ਇਹ ਇਕ ਵਿਸ਼ੇਸ਼ ਯੋਜਨਾ ਚਲਾਈ ਤਾਂ ਕਿ ਪਿੰਡ ਪਿੰਡ ਤੱਕ ਹੋਰ ਛੋਟੇ ਤੋਂ ਵੱਡੇ ਸਕੂਲ ਦੇ ਵਿਦਿਆਰਥੀ ਨੂੰ ਡੀ-ਵਾਰਮਿੰਗ ਡੇਅ ਮਨਾ ਕੇ ਦਵਾਈ ਦਿੱਤੀ ਜਾਵੇ ਅਤੇ ਇਕ ਤੰਦਰੁਸਤ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ। ਡਾ. ਅਸਲਮ ਨੇ ਧਾਮੀ ਲੈਬਾਰਟਰੀ ਦੇ ਡਾ. ਅਮਨਦੀਪ ਸਿੰਘ ਤੇ ਉਨ੍ਹਾਂ ਦੇ ਸਟਾਫ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਰਾਸ਼ਟਰ ਉਥਾਨ ਦੇ ਇਸ ਯੋਗਦਾਨ ਵਿਚ ਆਪਣੀਆਂ ਮੁਫਤ ਸੇਵਾਵਾਂ ਦਿੱਤੀਆਂ। ਡਾ. ਅਸਲਮ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਰੂਰਲ ਮੈਡੀਕਲ ਅਫਸਰਾਂ ਨੂੰ ਡੀ ਵਾਰਮਿੰਗ ਡੇਅ ‘ਤੇ ਨੋਡਲ ਅਫਸਰ ਬਣਾਇਆ ਗਿਆ ਸੀ ਅਤੇ ਰੂਰਲ ਮੈਡੀਕਲ ਅਫਸਰਾਂ ਨੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।

