ਰਿਆਤ ਬਾਹਰਾ ਪਟਿਆਲਾ ਕੈਂਪਸ ਵਿਖੇ ਹਰਬਲ ਡਰੱਗਜ਼ ਦੀ ਸੁਰੱਖਿਆ ਅਤੇ ਕਾਰਗਰੀ ਵਿਸ਼ੇ ‘ਤੇ ਐਕਸਪਰਟ ਟਾਕ ਦਾ ਆਯੋਜਨ
ਪਟਿਆਲਾ,22 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਰਿਆਤ ਬਾਹਰਾ ਇੰਸਟੀਚਿਊਟ ਆਫ ਫਾਰਮੈਸੀ ਪਟਿਆਲਾ ਕੈਂਪਸ ਵਿਖੇ ਹਰਬਲ ਡਰੱਗਜ਼ ਦੀ ਸੁਰੱਖਿਆ ਅਤੇ ਕਾਰਗਰੀ ਵਿਸ਼ੇ ‘ਤੇ ਐਕਸਪਰਟ ਟਾਕ ਦਾ ਆਯੋਜਨ ਕੀਤਾ ਗਿਆ। ਇਸ ਐਕਸਪਰਟ ਟਾਕ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਿਊਟੀਕਲ ਸਾਇੰਸ ਵਿਭਾਗ ਤੋਂ ਮਾਹਿਰ ਡਾ.ਸੁਰੇਸ਼ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਡਰੱਗਜ਼ ਨੂੰ ਦਵਾਈ ਦਾ ਰੂਪ ਲੈਣ ਲਈ ਇਕ ਲੰਮਾ ਅਤੇ ਵਿਲੱਖਣ ਰਸਤਾ ਤੈਅ ਕਰਨਾ ਪੈਂਦਾ ਹੈ ਅਤੇ ਹਰ ਇਕ ਡਰੱਗਜ਼ ਇਕ ਖਾਸ ਰੋਗ ਦਾ ਇਲਾਜ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੇ ਤੇਜ਼ ਰਫਤਾਰੀ ਸੰਸਾਰ ਵਿੱਚ ਦਿਨ ਪ੍ਰਤੀ ਦਿਨ ਵਧ ਰਹੇ ਤਣਾਅ ਲਈ ਹਰਬਲ ਅਤੇ ਆਯੁਰਵੈਦਿਕ ਗਿਆਨ ਕੈਂਸਰ, ਸ਼ੂਗਰ,ਗਠੀਆ ਆਦਿ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਇਕ ਅਹਿਮ ਰੋਲ ਅਦਾ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਹਰਬਲ ਦਵਾਈਆਂ ਐਲੋਪੈਥਿਕ ਦਵਾਈਆਂ ਦੇ ਮੁਕਾਬਲੇ ਬਹੁਤ ਹੀ ਸੁਰੱਖਿਅਤ ਅਤੇ ਟਿਕਾਊ ਨਤੀਜਿਆਂ ਵਾਲੀਆਂ ਹਨ ਅਤੇ ਇਹ ਆਮ ਜਨਤਾ ਲਈ ਅਸਾਨੀ ਨਾਲ ਪਹੁੰਚ ਵਿੱਚ ਹਨ।
ਇਸ ਮੌਕੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਨੇ ਵਿਦਿਆਰਥੀਆਂ ਨੂੰ ਹਰਬਲ ਡਰੱਗਜ਼ ਦੀ ਉਪਯੋਗਿਤਾ ਸਬੰਧੀ ਚਾਨਣਾ ਪਾਇਆ ਅਤੇ ਇਸ ਖੇਤਰ ਵਿੱਚ ਆਪਣਾ ਭਵਿੱਖ ਉਜਵਲ ਕਰਨ ਲਈ ਪ੍ਰੇਰਿਤ ਕੀਤਾ।
ਕੈਂਪਸ ਡਾਇਰੇਕਟਰ ਡਾ. ਪਿਯੂਸ਼ ਵਰਮਾ ਨੇ ਇਸ ਪ੍ਰੋਗਰਾਮ ਦੌਰਾਨ ਫਾਰਮੈਸੀ ਦੇ ਵਿਦਿਆਰਥੀਆਂ ਨੂੰ ਹਰਬਲ ਡਰੱਗਜ਼ ਸਬੰਧੀ ਬਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਮਾਹਿਰ ਡਾ.ਸੁਰੇਸ਼ ਕੁਮਾਰ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਵੀ ਕੀਤਾ।

