ਕਾਂਗਰਸ ਦੇ ਰਾਜ ‘ਚ ਪੰਜਾਬ ਫਿਰ ਤੋਂ ਇਕ ਨੰਬਰ ਸੂਬਾ ਬਣੇਗਾ : ਪ੍ਰਨੀਤ ਕੌਰ
ਪਟਿਆਲਾ (ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਦੇ ਜ਼ੋਨ ਨੰ. 7 ਦੇ ਇੰਚਾਰਜ ਅਤੇ ਬਲਾਕ ਪ੍ਰਧਾਨ ਨਰੇਸ਼ ਦੁੱਗਲ ਵਲੋਂ ਸਥਾਨਕ ਪ੍ਰਤਾਪ ਨਗਰ ਵਿਖੇ ਕਾਂਗਰਸ ਪਾਰਟੀ ਦੀ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਵਿਧਾਇਕ ਪ੍ਰਨੀਤ ਕੌਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਨੇ ਪਹੁੰਚ ਕੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਰਾਜ ਦੇ 10 ਸਾਲ ਵਿਚ ਪੰਜਾਬ ਨੇ ਬਹੁਤ ਹੀ ਸੰਤਾਪ ਭੋਗਿਆ ਹੈ।
ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਪੰਜਾਬ ਵਰਗਾ ਸੂਬਾ ਹੋਰ ਰਾਜਾਂ ਨਾਲੋਂ ਕਾਫੀ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੀਆਂ ਨੀਹਾਂ ‘ਤੇ ਤੁਰੇਗਾ। ਵੱਡੇ ਵੱਡੇ ਉਦਯੋਗਿਕ ਘਰਾਨੇ ਪੰਜਾਬ ਵਿਚ ਆਪਣੇ ਉਦਯੋਗਾਂ ਨੂੰ ਸਥਾਪਿਤ ਕਰਨਗੇ, ਜਿਸ ਨਾਲ ਪੰਜਾਬ
ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਮਿਲੇਗਾ ਅਤੇ ਕਾਂਗਰਸ ਰਾਜ ਵਿਚ ਹੀ ਪੰਜਾਬ ਫਿਰ ਤੋਂ ਨੰਬਰ ਇਕ ਸੂਬਾ ਬਣੇਗਾ। ਉਨ੍ਹਾਂ ਨਾਲ ਹੀ ਚੋਣਾਂ ਵਿਚ ਕਾਂਗਰਸੀ ਵਰਕਰਾਂ, ਪੋਲਿੰਗ ਏਜੰਟਾਂ ਅਤੇ ਕਾਂਗਰਸੀ ਅਹੁਦੇਦਾਰਾਂ ਵਲੋਂ ਨਿਭਾਈਆਂ ਗਈਆਂ ਅਣਥੱਕ ਡਿਊਟੀ ‘ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਕਾਂਗਰਸੀ ਵਰਕਰਾਂ ਵਲੋਂ ਚੋਣਾਂ ਵਿਚ ਕੀਤੇ ਗਏ ਉਤਸ਼ਾਹ ਵਾਧੂ ਕੰਮਾਂ ਤੋਂ ਉਹ ਸਾਰੇ ਹੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਚੋਣਾਂ ਵਿਚ ਕਾਂਗਰਸ ਪਾਰਟੀ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ ਅਤੇ ਵੱਧ ਤੋਂ ਵੱਧ ਵੋਟਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਾਇਆ। ਇਸ ਮੌਕੇ ਕੇ. ਕੇ. ਸ਼ਰਮਾ ਅਤੇ ਨਰੇਸ਼ ਦੁੱਗਲ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਮੀਟਿੰਗ ਵਿਚ ਪਹੁੰਚਣ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਮਿਲੇਗਾ। ਇਸ ਮੌਕੇ ਕੌਂਸਲਰ ਰਜਨੀ ਸ਼ਰਮਾ, ਗੋਪਾਲ ਸਿੰਗਲਾ, ਕੈ. ਸੁਰਮੁਖ ਸਿੰਘ, ਹਰਵਿੰਦਰ ਪਿੰਕਾ, ਕਿਰਪਾਲ ਕੌਰ, ਬਲਵਿੰਦਰ ਕੌਰ, ਸ਼ਿੰਦਰ ਕੌਰ, ਗੁਰਦੀਪ ਕੌਰ ਬਰਾੜ, ਅਜੇ ਕੁਮਾਰ ਸ਼ਰਮਾ, ਅਵਤਾਰ ਕੌਰ, ਸੌਰਭ ਦੁੱਗਲ, ਤਰਸੇਮ ਸਿੰਗਲਾ, ਹੰਸਾ ਸਿੰਘ, ਕੈ. ਅਮਰੀਕ ਸਿੰਘ, ਕੈ. ਮਹਿੰਦਰ ਸਿੰਘ,ਸਚਿਨ ਗੋਇਲ ਅਤੇ ਮੀਡੀਆ ਸੈਲ ਦੇ ਚੇਅਰਮੈਨ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ, ਵਰਕਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

