ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਇਆ ਗਿਆ ਮੋਤੀ ਬਾਗ ਗੁਰਦੁਆਰਾ ਸਾਹਿਬ ਪਟਿਆਲਾ ਵਿਖੇ ਗੁਰਬਾਣੀ ਦਿਵਸ
ਪਟਿਆਲਾ (ਮਧੂਸਾਰ ਬਿਊਰੋ)
ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦੁਆਰਾ ਉਲੀਕੀ ਗਈ ਮੁਹਿੰਮ ਤਹਿਤ ਅੱਜ ਪਟਿਆਲਾ ਸ਼ਹਿਰ ਦੇ ਸਥਾਨਕ ਮੋਤੀ ਬਾਗ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਅਤੇ ਪੰਥ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮੂਹ ਸਮਾਗਮ ਦੌਰਾਨ ਸਮੁੱਚਾ ਹਾਲ ਦਾ ਮਹੌਲ ਰੂਹਾਨੀਅਤ ਦੀ ਰੰਗਤ ਵਿਚ ਰੰਗਿਆ ਹੋਇਆ ਸੀ। ਸਮੂਹ ਸੰਗਤ ਤਹਿ ਦਿਲੋਂ ਪਾਠ ਕਰਦੇ ਹੋਈ ਆਪਣੀ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਅਕੀਦਤ ਭੇਂਟ ਕਰ ਰਹੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਐਜ਼ੂਕੇਸ਼ਨ ਅਤੇ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪ੍ਰੋਗਰਾਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਬਹੁ ਗਿਣਤੀ ਕਾਲਜਾਂ ਦੇ ਪ੍ਰਿੰਸੀਪਲ, ਸਟਾਫ, ਵਿਦਿਆਰਥੀਆਂ ਅਤੇ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ। ਜਿਨ੍ਹਾਂ ਵਿਚ ਖ਼ਾਲਸਾ ਕਾਲਜ ਪਟਿਆਲਾ ਦੇ 900 ਵਿਦਿਆਰਥੀ ਅਤੇ 275 ਸਟਾਫ ਮੈਂਬਰ, ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਕਾਲਜ ਗਰਲਜ਼ ਕਾਲਜ ਕਰਹਾਲੀ ਪਟਿਆਲਾ ਦੇ 450 ਵਿਦਿਆਰਥੀ ਅਤੇ 40 ਸਟਾਫ ਮੈਂਬਰ, ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ 51 ਵਿਦਿਆਰਥੀ ਅਤੇ 8 ਸਟਾਫ ਮੈਂਬਰ, ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਗਰਲਜ਼ ਆਕੜ ਪਟਿਆਲਾ ਦੇ 150 ਵਿਦਿਆਰਥੀ ਅਤੇ 30 ਸਟਾਫ ਮੈਂਬਰ ਅਤੇ ਦਸ਼ਮੇਸ਼ ਖ਼ਾਲਸਾ ਕਾਲਜ ਜੀਰਕਪੁਰ ਦੇ 93 ਵਿਦਿਆਰਥੀ ਅਤੇ 38 ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ।
ਡਾ. ਉੱਭਾ ਨੇ ਦੱਸਿਆ ਕਿ ਸੰਗਤਾਂ ਦਾ ਭਾਰੀ ਇਕੱਠ ਇਸ ਗੱਲ ਦੀ ਹਾਮੀ ਭਰਦਾ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਦੀ ਬਰਕਰਾਰੀ ਲਈ ਯਤਨਸ਼ੀਲ ਹੈ ਅਤੇ ਆਪਣੇ ਗੁਰੂਆਂ ਵਲੋਂ ਦਿੱਤੀਆ ਗਈਆਂ ਲਾਸਾਨੀ ਕੁਰਬਾਨੀਆਂ ਪ੍ਰਤੀ ਜਾਗਰੂਕ ਹੁੰਦੀ ਹੋਈ ਆਪਣੇ ਜੀਵਨ ਨੂੰ ਠੀਕ ਸੇਧ ਦੇਣਾ ਚਾਹੁੰਦੀ ਹੈ।

