ਨਕਲ ਰੋਕਣ ਲਈ ਅਧਿਆਪਕ ‘ਤੇ ਬਾਜ਼ ਵਾਂਗ ਅੱਖ ਰੱਖਣਗੇ ਸੀਸੀਟੀਵੀ ਕੈਮਰੇ
ਬੀਐਨ ਖਾਲਸਾ ਸਕੂਲ ਨੇ ਸੀ.ਸੀ.ਟੀ.ਵੀ. ਕੈਮਰੇ ਲੁਆ ਕੇ ਕੀਤੀ ਪਹਿਲ ਕਦਮੀ
ਪ੍ਰੋਗਰੈਸਿਵ ਫਰੰਟ ਵੱਲੋਂ ਨਕਲ ਰੋਕਣ ਲਈ ਖੁਫੀਆ ਦਸਤੇ ਤਿਆਰ
ਪਟਿਆਲਾ 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਨਕਲ ਰੂਪੀ ਕੋਹੜ ਨੂੰ ਜੜ ਤੋਂ ਖਤਮ ਕਰਨ ਲਈ ਫਰੰਟ ਵੱਲੋਂ ਨਕਲ ਰੋਕਣ ਲਈ ਖੂਫੀਆ ਦਸਤੇ ਪੂਰੀ ਤਰ੍ਹਾਂ ਤਿਆਰ ਕਰਕੇ ਉਨ੍ਹਾਂ ਦੀ ਡਿਊਟੀ ਪੰਜਾਬ ਭਰ ‘ਚ ਲਗਾ ਦਿੱਤੀ ਗਈ ਹੈ।
ਪਲ-ਪਲ ਦੀ ਜਾਣਕਾਰੀ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਬਲਬੀਰ ਸਿੰਘ ਢੋਲ ਨੂੰ ਸਮੇਂ-ਸਮੇਂ ਸਿਰ ਮੁਹੱਈਆ ਕਰਵਾਈ ਜਾ ਰਹੀ ਹੈ।
ਬਰਾੜ ਨੇ ਅੱਗੇ ਦੱਸਿਆ ਕੇ ਸਾਰੇ ਪੰਜਾਬ ਦੇ ਏਡਿਡ ਸਕੂਲਾਂ ਚੋਂ ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਪ੍ਰਬੰਧਕ ਕਮੇਟੀ ਨੇ ਅਗਾਂਹਵਧੂ ਅਤੇ ਠੋਸ ਕਦਮ ਚੁੱਕਦਿਆਂ +2 ਦੀ ਅੱਜ ਦੀ ਅੰਗਰੇਜੀ ਦੀ ਪ੍ਰੀਖਿਆ ਦੌਰਾਨ ਕੇਂਦਰ ਵਿਖੇ ਸੀ.ਸੀ.ਟੀ.ਵੀ. ਕੈਮਰੇ ਲੁਆ ਕੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਪੂਰਾ ਇਮਤਿਹਾਨ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਡਰ ਤੋਂ ਨੇਪਰੇ ਚੜ੍ਹਿਆ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸ਼ਨ ਵੱਲੋਂ ਚੁੱਕਿਆ ਅਜਿਹਾ ਕਦਮ ਦੂਸਰਿਆਂ ਲਈ ਇੱਕ ਮਿਸਾਲ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਨਕਲ ਰੂਪੀ ਕੋਹੜ ਨੂੰ ਜੜ੍ਹ ਤੋਂ ਖਤਮ ਕਰਕੇ ਇੱਕ ਸੁਚੱਜਾ ਅਤੇ ਪੜ੍ਹਿਆ ਲਿਖਿਆ ਸਮਾਜ ਸਿਰਜਿਆ ਜਾਵੇ। ਜੱਥੇਬੰਦੀ ਅਜਿਹੇ ਅਧਿਆਪਕਾਂ ਤੇ ਵੀ ਬਾਜ ਨਿਗਾ ਰੱਖ ਰਹੀ ਹੈ ਜਿਹੜੇ ਨਕਲ ਕਰਵਾਉਣ ‘ਚ ਵਿਸ਼ਵਾਸ਼ ਰੱਖਦੇ ਹਨ ਅਤੇ ਨਕਲ ਨੂੰ ਉਤਸ਼ਾਹਿਤ ਕਰਦੇ ਹਨ। ਅਜਿਹੇ ਅਧਿਆਪਕ ਵੀ ਬਖਸ਼ੇ ਨਹੀਂ ਜਾਣਗੇ।
ਜੱਥੇਬੰਦੀ ਜਲਦੀ ਹੀ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਬਲਬੀਰ ਸਿੰਘ ਢੋਲ ਤੋਂ ਬੀ.ਐੱਨ.ਖਾਲਸਾ.ਸ.ਸ. ਸਕੂਲ ਸਰਹਿੰਦ ਰੋਡ ਪਟਿਆਲਾ ਦੀ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਦਾ ਸਨਮਾਨ ਕਰਵਾਉਣ ਲਈ ਵਚਨਬੱਧ ਹੈ।

