ਪੰਜਾਬਪਟਿਆਲਾ

ਸਿੱਖਿਆ ਸੰਸਥਾਵਾਂ ਦਾ ਕਰਵਾਇਆ ਜਾਵੇਗਾ ਅਕਾਦਮਿਕ ਆਡਿਟ: ਪ੍ਰੋ. ਬਡੂੰਗਰ

ਪਟਿਆਲਾ 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦਾ ਅਕਾਦਮਿਕ ਆਡਿਟ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਕੇ ਉਨ੍ਹਾਂ ਵਿਚ ਹੋਰ ਸੁਧਾਰ ਕੀਤੇ ਜਾ ਸਕਣ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਡਾਇਰੈਕਟਰ ਸਿੱਖਿਆ ਅਤੇ ਕੁਝ ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਨਾਲ ਖ਼ਾਲਸਾ ਕਾਲਜ ਪਟਿਆਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਸਮੇਂ ਦੇ ਹਾਣੀ ਬਣਾਉਣ ਹਿੱਤ ਉਨ੍ਹਾਂ ਵਿਚ ਅੰਤਰਰਾਸ਼ਟਰੀ ਮਿਆਰਾਂ ‘ਤੇ ਤਬਦੀਲੀਆਂ ਲਿਆਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਬਿਹਤਰੀਨ ਸੰਸਥਾਵਾਂ ਵਿਚ ਵਿੱਤੀ ਆਡਿਟ ਦੇ ਨਾਲ-ਨਾਲ ਅਕਾਦਮਿਕ ਆਡਿਟ ਕੀਤੇ ਜਾਂਦੇ ਹਨ, ਜਿਸਦੇ ਜ਼ਰੀਏ ਸੰਸਥਾ ਦੇ ਗੁਣਾਂ ਅਤੇ ਖ਼ਾਮੀਆਂ ਦਾ ਅਧਿਐਨ ਕਰਕੇ ਸੁਧਾਰ ਹਿੱਤ ਉਪਰਾਲੇ ਕੀਤੇ ਜਾਂਦੇ ਹਨ। ਪ੍ਰੋ. ਬਡੂੰਗਰ ਨੇ ਇਹ ਵੀ ਕਿਹਾ ਕਿ ਵਿਸ਼ਵੀ ਮਿਆਰਾਂ ਉੱਪਰ ਕੀਤਾ ਜਾਣ ਵਾਲਾ ਸਵਾਕ (SWO3) ਵਿਸ਼ਲੇਸ਼ਣ ਵੀ ਸਾਰੀਆਂ ਸੰਸਥਾਵਾਂ ਦਾ ਕੀਤਾ ਜਾਵੇਗਾ, ਜਿਸ ਨਾਲ ਸੰਸਥਾ ਦੀਆਂ ਤਾਕਤਾਂ, ਖ਼ਾਮੀਆਂ, ਸੰਸਥਾ ਨੂੰ ਉਪਲਬਧ ਮੌਕਿਆਂ ਅਤੇ ਸੰਸਥਾ ਲਈ ਚੁਣੌਤੀਆਂ ਦਾ ਅਧਿਐਨ ਕਰਦੇ ਹੋਏ ਸੰਸਥਾਵਾਂ ਨੂੰ ਕਾਰਗੁਜ਼ਾਰੀ ਸੁਧਾਰਨ ਲਈ ਸੁਝਾਅ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉੱਭਾ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਜਾ ਚੁੱਕੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਦੇ ਸਟਾਫ਼ ਅਤੇ ਪ੍ਰਿੰਸੀਪਲ ਸਾਹਿਬਾਨ ਦੇ ਵੱਖ-ਵੱਖ ਓਰੀਐਂਟਸ਼ਨ ਅਤੇ ਰਿਫ਼ਰੈਸ਼ਰ ਪ੍ਰੋਗਰਾਮ ਲਗਾਉਣ ਸਬੰਧੀ ਵੀ ਹਿਦਾਇਤ ਕੀਤੀ ਅਤੇ ਇਸ ਮੰਤਵ ਲਈ ਵਿਸ਼ੇਸ਼ ਤੌਰ ‘ਤੇ ਟ੍ਰੇਨਿੰਗ ਸਕੂਲ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਵਿਚ ਨੈਤਿਕ ਕਦਰਾਂ-ਕੀਮਤਾਂ, ਧਰਮ, ਸਭਿਆਚਾਰ ਅਤੇ ਆਪਣੇ ਗੌਰਵਮਈ ਵਿਰਸੇ ਪ੍ਰਤੀ ਚੇਤਨਤਾ ਪੈਦਾ ਕਰਨ ਹਿੱਤ ਸੁਚੇਤ ਯਤਨ ਕੀਤੇ ਜਾਣਗੇ ਅਤੇ ਇਸ ਮੰਤਵ ਲਈ ਵਿਸ਼ੇਸ਼ ਪੁਸਤਕਾਂ ਤਿਆਰ ਕਰਵਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਅਧਿਐਨ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਵਿਚ ਖ਼ਾਲਸਾਈ ਸਭਿਆਚਾਰ ਪੈਦਾ ਕਰਨ ਲਈ ਵੀ ਨਿੱਗਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਡਾਇਰੈਕਟਰ ਸਿੱਖਿਆ ਨੂੰ ਇਸ ਮੰਤਵ ਲਈ ਸਮੁੱਚੀ ਤਜਵੀਜ਼ ਤਿਆਰ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਮੇਜਰ ਜਨਰਲ ਜੀ.ਐੱਸ. ਲਾਂਬਾ, ਡਾ. ਪਰਮਜੀਤ ਸਿੰਘ ਸਰੋਆ – ਐਡੀਸ਼ਨਲ ਸਕੱਤਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ, ਪ੍ਰਿੰਸੀਪਲ ਡਾ. ਰਮਨਜੀਤ ਕੌਰ, ਪ੍ਰਿੰਸੀਪਲ ਡਾ. ਕਰਮਵੀਰ ਸਿੰਘ, ਪ੍ਰਿੰਸੀਪਲ ਡਾ. ਰਜਿੰਦਰ ਕੌਰ, ਪ੍ਰਿੰਸੀਪਲ ਡਾ. ਹਰਮੀਤ ਕੌਰ, ਪ੍ਰੋ. ਜਸਲੀਨ ਕੌਰ, ਪ੍ਰੋ. ਜਸਪ੍ਰੀਤ ਕੌਰ, ਡਾ. ਰਵਿੰਦਰਜੀਤ ਸਿੰਘ ਅਤੇ ਡਾ. ਜਗਜੀਤ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *