ਪਰੰਪਰਾਗਤ ਕਥਾ-ਕਹਾਣੀਆਂ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨਾ ਸਮੇਂ ਦੀ ਮੁੱਖ ਲੋੜ : ਗੀਤਾ ਹਰੀਹਰਨ
ਪਟਿਆਲਾ 2 ਮਾਰਚ (ਕੰਵਰ ਬੇਦੀ)
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਪ੍ਰੋਫੈਸਰ ਬੀ.ਆਰ. ਰਾਓ ਮੈਮੋਰੀਅਲ ਲੈਕਚਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ। ਇਹ ਲੈਕਚਰ ਕਾਮਨਵੈਲਥ ਪੁਰਸਕਾਰ ਜੇਤੂ ਨਾਵਲ “ਦਿ ਥਾਊਜ਼ੈਂਡ ਫੇਸਿਜ਼ ਅੋਫ ਨਾਈਟ” ਅਤੇ ਹੋਰ ਪੁਸਤਕਾਂ ਦੀ ਲੇਖਿਕਾ ਗੀਤਾ ਹਰੀਹਰਨ ਵਲੋਂ ਪੇਸ਼ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਕੀਤੀ।
ਯਾਦਗਾਰੀ ਭਾਸ਼ਣ ਦਿੰਦਿਆਂ ਉਘੀ ਲੇਖਿਕਾ ਗੀਤਾ ਹਰੀਹਰਨ ਨੇ ਕਿਹਾ ਕਿ ਪੜ੍ਹਨਾ ਅਤੇ ਸਾਡੀਆਂ ਪਰੰਪਰਾਗਤ ਕਥਾ-ਕਹਾਣੀਆਂ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮੁਫਤ ਬੌਧਿਕ ਖੋਜ ਅਤੇ ਵਿਚਾਰਾਂ ਦੇ ਖੁੱਲੇ ਆਦਾਨ-ਪ੍ਰਦਾਨ ਲਈ ਯੂਨੀਵਰਸਿਟੀਆਂ ਦੀ ਪਵਿੱਤਰਤਾ ਦੀ ਰੱਖਿਆ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
“ਵੈਨ ਬੋਡੀ ਸਪੀਕਸ” ਵਿਸ਼ੇ ਤੇ ਦਿੱਤੇ ਆਪਣੇ ਲੈਕਚਰ ਵਿੱਚ ਉਨ੍ਹਾਂ ਔਰਤ ਦੇ ਸਰੀਰ ਨੂੰ ਸਦੀਆਂ ਤੋਂ ਰਾਜਸੀ ਸ਼ਕਤੀ ਹਾਸਲ ਕਰਨ ਲਈ ਇੱਕ ਯੁੱਧ ਦੇ ਮੈਦਾਨ ਵਜੋਂ ਵਰਤਣ ਤੇ ਧਿਆਨ ਕੇਂਦਰਿਤ ਕੀਤਾ। “ਮਹਾਂਭਾਰਤ” ਵਿੱਚ ਦਰੋਪਦੀ ਦੀ ਗੱਲ ਕਰਦਿਆਂ ਉਨ੍ਹਾਂ ਅਜੋਕੇ ਸਮੇਂ ਵਿੱਚ ਬੰਗਾਲੀ ਲੇਖਿਕਾ ਮਹਾਸਵੇਤਾ ਦੇਵੀ, ਮਨੀਪੁਰ ਥੀਏਟਰ ਸ਼ਖਸੀਅਤ ਹੇਸਨਾਮ ਕਨਹਾਈਲਾਲ ਅਤੇ ਓੁੜੀਆ ਲੇਖਿਕਾ ਪ੍ਰਤਿਭਾ ਰੇਅ ਵਲੋਂ ਨਵੇਂ ਅੰਦਾਜ਼ ਵਿੱਚ ਪੇਸ਼ ਕੀਤੀ ਗਈ ਇਸ ਪੁਰਾਤਨ ਕਥਾ ਦੀ ਵਿਆਖਿਆ ਕੀਤੀ। ਗੀਤਾ ਹਰੀਹਰਨ ਨੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵੀ ਪਰਿਪੇਖ ਵਿੱਚ ਇੱਕ ਅਜਿਹਾ ਮਾਹੌਲ ਸਿਰਜਣ ਵਿੱਚ ਮਦਦ ਕਰਨ ਜਿਸ ਵਿੱਚ ਨੈਤਿਕਤਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਭਾਵਨਾ ਨੂੰ ਬੱਲ ਮਿਲੇ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਗੁਰਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਅੱਜ ਦੇ ਮੁੱਖ ਵਕਤਾ ਦੇ ਵਿਚਾਰਾਂ ਨੂੰ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਗੁਰਬਾਣੀ ਦੇ ਰੂਪ ਵਿੱਚ ਪੰਜਾਬੀ ਸਭਿਆਚਾਰ ਅਤੇ ਸਾਹਿਤ ਦਾ ਭਰਪੂਰ ਖਜਾਨਾ ਹੈ। ਇਸ ਮੌਕੇ ਤੇ ਡਾ. ਗੁਰਨਾਮ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਇਸ ਤੋਂ ਪਹਿਲਾਂ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਮੰਡੇਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਡਾ. ਰਾਜੇਸ਼ ਕੁਮਾਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਡਾ. ਰੁਪਿੰਦਰ ਕੌਰ ਨੇ ਆਏ ਮਹਿਮਾਨਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।

