ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ‘ਚ ਵਾਧਾ, ਕੇਂਦਰ ਸਰਕਾਰ ਮਹਿੰਗਾਈ ਲਈ ਜ਼ਿੰਮੇਵਾਰ: ਡਾ. ਭੀਮ ਇੰਦਰ ਸਿੰਘ
ਗੁਰਮਿਹਰ ਕੌਰ ਮਾਮਲਾ ਕੇਂਦਰ ਵਲੋਂ ਫੈਲਾਏ ਜਾ ਰਹੇ ਫਿਰਕਾਪ੍ਰਸਤੀ ਦਾ ਸਬੂਤ: ਡਾ. ਸਿੰਘ
ਪਟਿਆਲਾ, 3 ਮਾਰਚ (ਕੰਵਰ ਬੇਦੀ)
ਸਾਂਝਾ ਮੁਲਾਜ਼ਮ ਵਿੰਗ (ਪੰਜਾਬ) ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ।
ਮਹਿੰਗਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁਲਾਜ਼ਮ ਵਿੰਗ (ਪੰਜਾਬ) ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਤੀ ਸਿਲੰਡਰ 86 ਰੁਪਏ ਦਾ ਕੀਤਾ ਗਿਆ ਵਾਧਾ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦਾ ਤੋਹਫਾ ਹੈ। ਉਨ੍ਹਾਂ ਕੇਂਦਰ ਸਰਕਾਰ ਉਤੇ ਫਾਸ਼ੀਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਗੁਰਮਿਹਰ ਕੌਰ ਦੇ ਮਾਮਲੇ ‘ਚ ਮੋਦੀ ਸਰਕਾਰ ਦਾ ਅਸਲ ਚਿਹਰਾ ਜਨਤਕ ਹੋਇਆ ਹੈ।
ਸਾਂਝਾ ਮੁਲਾਜ਼ਮ ਵਿੰਗ, ਪੰਜਾਬ ਵਲੋਂ ਲਗਾਤਾਰ ਵਧ ਰਹੀ ਮਹਿੰਗਾਈ ਲਈ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਕੇਂਦਰ ਵਿਚ ਸੱਤਾ ‘ਤੇ ਕਾਬਜ਼ ਭਾਜਪਾ ਵਲੋਂ ਚੋਣਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਇਕ ਦਿਨ ਲਈ ਵੀ ਮਹਿੰਗਾਈ ਦਾ ਗ੍ਰਾਫ ਹੇਠ ਨਹੀਂ ਆਇਆ। ਮੋਦੀ ਸਰਕਾਰ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿਚ 86 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਂਲ ਆਮ ਜਨਤਾ ਖਾਸ ਕਰ ਮੱਧ ਵਰਗੀ ਅਤੇ ਗਰੀਬੀ ਰੇਖਾ ਤੋਂ ਹੇਠਲੇ ਵਰਗ ‘ਤੇ ਵਾਧੂ ਬੋਝ ਪਵੇਗਾ।
ਡਾ. ਭੀਮ ਇੰਦਰ ਸਿੰਘ ਨੇ ਮੋਦੀ ਸਰਕਾਰ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਦੇਸ਼ ਵਿਚ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਜਵਾਨਾਂ ਦੀਆਂ ਸ਼ਹੀਦੀਆਂ ‘ਤੇ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ। ਗੁਰਮਿਹਰ ਕੌਰ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਲਟਾ ਗੁਰਮਿਹਰ ਕੌਰ ਨੂੰ ਹੀ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ, ਹਰਦਿਆਲ ਸਿੰਘ ਥੂਹੀ, ਜਸਵੰਤ ਧਾਲੀਵਾਲ, ਡੀ.ਐÎੱਸ. ਗਿੱਲ, ਗੱਜਣ ਸਿੰਘ, ਕੁਲਵੰਤ ਸਿੰਘ, ਗੁਰਿੰਦਰ ਸਿੰਘ ਸਮੇਤ ਵਿੰਗ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

