ਅਦਾਲਤੀ ਹੁਕਮਾਂ ਦੀ ਅਣਦੇਖੀ : ‘ਸੇਫ ਸਕੂਲ ਵਾਹਨ ਪਾਲਿਸੀ’ ਜਾਗਰੂਕਤਾ ਸੈਮੀਨਾਰ ਤੋਂ ਸਕੂਲਾਂ ਨੇ ਬਣਾਈ ਦੂਰੀ
,250 ਸਕੂਲਾਂ ਨੂੰ ਸੱਦਾ, ਮਹਿਜ 50 ਤੋਂ ਵੀ ਘੱਟ ਹੀ ਪੁੱਜੇ
ਪਟਿਆਲਾ, 3 ਮਾਰਚ (ਕੰਵਰ ਬੇਦੀ)
ਸੇਫ ਸਕੂਲ ਵਾਹਨ ਪਾਲਿਸੀ ਅਧੀਨ ਕਰਵਾਏ ਜਾ ਰਹੇ, ਜਾਗਰੁਕਤਾ ਸੈਮੀਨਾਰ ‘ਚ ਜਿਆਦਤਰ ਸਕੂਲ ਹਿੱਸਾ ਲੈਣਾ ਚੰਗਾਂ ਨਹੀ ਸਮਝਦੇ। ਬੀਤੇ ਦਿਨੀ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਭਾਗ ਮਹਿਲਾ ਅਤੇ ਬਾਲ ਵਿਕਾਸ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦੇ ਆਡੀਟੋਰੀਅਮ ਹਾਲ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਅਤੇ ਜੇ.ਜੇ.ਐਕਟ ਅਧੀਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਸੀ।
ਅਦਾਲਤ ਦੇ ਹੁਕਮਾਂ ਮੁਤਾਬਿਕ ਕਰਵਾਏ ਜਾਣ ਵਾਲੇ ਇਸ ਸੈਮੀਨਾਰ ਵਿਚ ਸਬੰਧਿਤ ਵਿਭਾਗ ਨੇ ਜਿਲੇ ਦੇ ਕਰੀਬ 250 ਸਕੂਲਾਂ ਨੂੰ ਸੱਦਾ ਪੱਤਰ ਭੇਜਿਆ ਸੀ। ਇਸ ਦੇ ਬਾਵਜੂਦ ਸਿਰਫ 50 ਸਕੂਲਾਂ ਤੋਂ ਵੀ ਘੱਟ ਨੇ ਹਿੱਸਾ ਲਿਆ। ਇਨ੍ਹਾਂ ਵਿਚ ਕੇਵਲ ਅੱਧੀ ਦਰਜਨ ਦੇ ਕਰੀਬ ਸਕੂਲਾਂ ਦੇ ਪ੍ਰਿੰਸੀਪਲ, 30 ਕੁ ਦੇ ਆਸ-ਪਾਸ ਅਧਿਆਪਕ ਅਤੇ ਕੁਝ ਕੁ ਡਰਾਇਵਰ ਹੀ ਪੁੱਜੇ। ਇੰਝ ਜਾਪ ਰਿਹਾ ਸੀ ਸਕੂਲ ਅਦਾਲਤ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਨਹੀਂ ਜਾਂ ਫਿਰ ਸਕੂਲ ਨੁਮਾਇਦੇ ਜਿਲਾ ਪ੍ਰਸਾਸ਼ਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ।
ਦੱਸਣਯੌਗ ਹੈ ਕਿ ਸੈਮੀਨਾਰ ਵਿਚ ਸਕੂਲਾਂ ਦੇ ਹਿੱਸਾ ਨਾ ਲੈਣ ਦੀ ਜਿਲਾ ਪ੍ਰਸਾਨਨਿਕ ਅਧਿਕਾਰੀਆਂ ਨੇ ਨਰਾਜਗੀ ਜਾਹਰ ਕੀਤੀ। ਇਨ੍ਹਾਂ ਹੀ ਨਹੀਂ ਸਕੂਲਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਇਹ ਸੈਮੀਨਾਰ ਹਾਦਸਾ ਮੁਕਤ ਸਮਾਜ, ਬੱਚਿਆਂ ਦੀ ਸੁਰੱਖਿਆ ਅਤੇ ਹੋਰ ਹਾਦਸੇ ਰੋਕਣ ਲਈ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮਤਾਬਿਕ ਲਗਾਏ ਜਾ ਰਹੇ ਹਨ। ਇਸ ਦੇ ਬਾਵਜੂਦ ਸਕੂਲਾਂ ਦੀ ਪਹੁੰਚ ਨਾ ਹੋਣੀ ਮੰਦਭਾਗਾ ਹੈ।
ਜਿਕਰਯੋਗ ਹੈ ਕਿ ਇਹ ਸੈਮੀਨਾਰ ਸਰਕਾਰ ਦੇ 2 ਵਿਭਾਗਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਭਾਗ ਮਹਿਲਾ ਅਤੇ ਬਾਲ
ਵਿਕਾਸ ਵੱਲੋਂ ਵੱਲੋਂ ਮਿਲ ਕੇ ਆਯੋਜਿਤ ਕੀਤਾ ਗਿਆ ਸੀ। ਇਸ ਸੈਮੀਨਾਰ ਦੀ ਸਮੁੱਚੀ ਦੇਖ ਰੇਖ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਕੀਤੀ ਗਈ ਸੀ, ਇਸ ਦੇ ਬਾਵਜੂਦ ਸਕੂਲਾਂ ਨੇ ਸੈਮੀਨਾਰ ਵਿਚ ਆਪਣੀ ਪਹੁੰਚ ਯਾਕੀਨੀ ਬਣਾਉਣਾ ਚੰਗਾ ਨਹੀਂ ਸਮਝਿਆ। ਇਹ ਵੀ ਦੱਸਣਾ ਜਰੂਰੀ ਹੈ ਕਿ ਜੋ ਤਸਵੀਰ ਪ੍ਰਕਾਸਿਤ ਕੀਤੀ ਜਾ ਰਹੀ ਹੈ, ਉਸ ਵਿਚ ਕੁਰਸੀਆਂ ਖਾਲੀ ਹਨ।
ਇਹ ਉਹ ਤਸਵੀਰ ਹੈ, ਜੋ ਕਿ ਬੀਤੇ ਦਿਨੀ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦੇ ਆਡੀਟੋਰੀਅਮ ਹਾਲ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਅਤੇ ਜੇ.ਜੇ.ਐਕਟ ਅਧੀਨ ਕਰਵਾਏ ਜਾਗਰੂਕਤਾ ਸੈਮੀਨਾਰ ਮੌਕੇ ਪ੍ਰਸਾਸਨ ਵੱਲੋਂ ਰਿਲੀਜ ਕੀਤੀ ਗਈ ਸੀ।
ਸਕੂਲਾਂ ਤੇ ਸਿਕੰਜਾਂ ਕਸਾਂਗੇ- ਸਾਇਨਾ ਕਪੂਰ
ਜਿਲਾ ਬਾਲ ਸੁਰੱਖਿਆ ਅਫਸਰ ਸਾਇਨਾ ਕਪੂਰ ਨੇ ਕਿਹਾ ਕਿ ਅਸੀਂ ਇਸ ਪਾਲਿਸੀ ਤਹਿਤ ਸਕੂਲਾਂ ਨੂੰ ਜਾਗਰੁਕਤਾ ਦੇਣ ਲਈ ਆਪਣਾ ਪੂਰਾ ਜੋਰ ਲਗਾ ਰਹੇ ਹਾਂ। ਇਸ ਦੇ ਬਾਵਜੁਦ ਜਿਆਦਤਰ ਸਕੂਲ ਮੰਨਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਅਜਿਹੇ ਸਕੂਲਾਂ ਦੀਆਂ ਬੱਸਾਂ ਦੇ ਚਲਾਨ ਕਰਾਂਗੇ, ਜੇਕਰ ਉਹ ਨਿਯਮਾਂ ਦੀ ਉਲੰਘਣਾ ਕਰਨਗੇ ਅਤੇ ਅਦਾਲਤ ਨੂੰ ਵੀ ਲਿਖਿਆ ਜਾਏਗਾ।

