ਜੋਤਸ਼ੀ ਦਾ ਦਾਅਵਾ : ਕਾਂਗਰਸ ਦੀ ਬਣੇਗੀ ਸਰਕਾਰ, ਕੈਪਟਨ ਹੋਣਗੇ ਮੁੱਖ ਮੰਤਰੀ
ਪਟਿਆਲਾ, 6 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਕੈ. ਅਮਰਿੰਦਰ ਸਿੰਘ ਦਾ ਮਾਰਚ 2017 ਵਿਚ ਮੁੱਖ ਮੰਤਰੀ ਦੀ ਤਾਜਪੋਸ਼ੀ ਦਾ ਪੂਰਨ ਯੋਗ ਬਣ ਰਿਹਾ ਹੈ।
ਦੇਸ਼ ਦੇ ਕਈ ਮਾਮਲਿਆਂ ਵਿਚ ਕਈ ਸਫਲ ਭਵਿੱਖਬਾਣੀਆਂ ਕਰ ਚੁੱਕੇ ਪਟਿਆਲਾ ਦੇ ਪ੍ਰਸਿੱਧ ਤੇ ਅੰਕ ਸ਼ਾਸਤਰ ਦੇ ਮਾਹਿਰ ਪੰਡਤ ਸੂਰਿਆ ਕਾਂਤ ਵਰਮਾ ਨੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੁੰਡਲੀ ਦੇ ਮਿਲਾਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ 4 ਫਰਵਰੀ ਵਾਲਾ ਵੋਟਾਂ ਵਾਲਾ ਦਿਨ ਕੈਪਟਨ ਦੀ ਕੁੰਡਲੀ ‘ਤੇ ਫਿੱਟ ਹੈ। ਕੈ. ਅਮਰਿੰਦਰ ਸਿੰਘ ਦੀ ਜਨਮ ਕੁੰਡਲੀ ਤੇ ਗ੍ਰਹਾਂ ਅਨੁਸਾਰ ਸ਼ਨੀ ਦੀ ਮਹਾਦਸ਼ਾ ਅਤੇ ਸ਼ਨੀ ਦਾ ਅਸਰ 15 ਮਾਰਚ 2017 ਤੱਕ ਹੈ ਅਤੇ ਪ੍ਰਯੰਤਰ 21 ਅਕਤੂਬਰ 2016 ਤੋਂ 15 ਮਾਰਚ 2017 ਤੱਕ ਗੁਰੂ ਦਾ ਰਹੇਗਾ। ਲਗਨ ਕੁੰਡਲੀ ਵਿਚ ਬ੍ਰਹਸਪਤੀ ਵਰਿਸ਼ ਰਾਸ਼ੀ ਵਿਚ ਇਕਾਦਿਸ਼ ਭਾਵ ਵਿਚ ਹੈ ਅਤੇ ਚਤੁਰਥ ਭਾਵੇਸ਼ ਸ਼ੁੱਕਰ ‘ਤੇ ਨਵਮ ਦ੍ਰਿਸ਼ਟੀ ਪੈ ਰਹੀ ਹੈ ਜੋ ਰਾਜਯੋਗ ਦਾ ਕਾਰਨ ਬਣ ਰਿਹਾ ਹੈ। ਜਿਸਦੇ ਅਨੁਸਾਰ ਕੈਪਟਨ ਦਾ ਮੁੱਖ ਮੰਤਰੀ ਬਣਨਾ ਤੈਅ ਦਿਖਾਈ ਦੇ ਰਿਹਾ ਹੈ।
ਚੰਦਰ ਲਗਨ ਨਾਲ ਦੇਖਿਆ ਜਾਵੇ ਤਾਂ ਬ੍ਰਹਸਪਤੀ ਦਸ਼ਮ ਹੈ ਜੋ ਫਿਰ ਤੋਂ ਮਜਬੂਤ ਯੋਗ ਦਾ ਕਾਰਨ ਬਣ ਰਿਹਾ ਹੈ। ਰਾਜ ਯੋਗ, ਸਨਮਾਨ ਅਤੇ ਚੰਦਰ ਦਾ ਕਾਰਕ ਗ੍ਰਹਿ ਦੇ ਨਾਲ ਹੋਣ ਕਾਰਨ ਜਨਤਾ ਦੁਆਰਾ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਅਤੇ ਕੈਪਟਨ ਦੇ ਹੱਕ ਵਿਚ ਮਤਦਾਨ ਦਾ ਯੋਗ ਬਣਿਆਂ ਹੈ। ਅਖੀਰ ਵਿਚ ਦੋਵੇਂ ਕੁੰਡਲੀਆਂ ਨੂੰ ਦੇਖਣ ਤੋਂ ਬਾਅਦ ਫਲਾਦੇਸ਼ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਜਾ ਰਿਹਾ ਹੈ, ਜਿਸ ਨਾਲ ਉਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਯੋਗ ਬਣ ਰਿਹਾ ਹੈ, ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਇਸ ਦਿਨ 76ਵੇਂ ਸਾਲ ਵਿਚ ਪ੍ਰਵੇਸ਼ ਕਰਨਗੇ ਜੋ ਕਿ ਜਨਤਾ ਦਾ ਘਰ (ਵਰਸ਼) ਹੈ ਯਾਨੀ ਕਿ 76ਵਾਂ ਸਾਲ ਜਨਤਾ ਦੇ ਸਮਰਥਨ ਦਾ ਸਾਲ ਰਹੇਗਾ।
ਸੂਰਿਆ ਕਾਂਤ ਵਰਮਾ ਅਨੁਸਾਰ ਹੁਣ ਕੈ. ਅਮਰਿੰਦਰ ਸਿੰਘ ਦੇ ਗ੍ਰਹਿ ਬੇਹੱਦ ਪਾਵਰਫੁਲ ਹਨ। ਇਨ੍ਹਾਂ ਗ੍ਰਹਾਂ ਦੇ ਕਾਰਨ ਹੀ ਪਹਿਲਾਂ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੂੰ ਕਰਾਰੀ ਹਾਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਗ੍ਰਹਾਂ ਦੇ ਕਾਰਨ ਹੀ ਉਨ੍ਹਾਂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਤੌਰ ‘ਤੇ ਤਾਜਪੋਸ਼ੀ ਹੋਈ ਸੀ। ਹੁਣ ਇਹੀ ਗ੍ਰਹਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਲਿਜਾਂਦੇ ਦਿਖਾਈ ਦੇ ਰਹੇ ਹਨ।

