ਬੱਚੇ ਦੀ ਮੌਤ ਦਾ ਮਾਮਲਾ : ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਖਿਲਾਫ਼ ਮਾਮਲਾ ਦਰਜ ਕਰਨ ਨੂੰ ਲੈ ਕੇ ਧਰਨਾ
ਪਰਿਵਾਰਕ ਮੈਂਬਰਾਂ ਵੱਲੋਂ ਮੌਰਚਰੀ ‘ਚੋਂ ਬੱਚੇ ਦੀ ਲਾਸ਼ ਨੂੰ ਲਿਜਾਣ ਤੋਂ ਕੀਤਾ ਇਨਕਾਰ
ਪੁਲਿਸ ਵੱਲੋਂ ਡਰਾਈਵਰ ਤੇ ਕੰਡਕਟਰ ਖਿਲਾਫ਼ ਮਾਮਲਾ ਦਰਜ
ਪਟਿਆਲਾ 9 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਗੋਬਿੰਦ ਬਾਗ ਵਿਖੇ ਸਥਿਤ ਐਸਐਮ ਇੰਟਰਨੈਸ਼ਨਲ ਸਕੂਲ ਦੀ ਬੱਸ ਹੇਠਾਂ ਆਉਣ ਨਾਲ 4 ਸਾਲਾਂ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਮੈਨੇਜਮੈਂਟ ਪ੍ਰਬੰਧਕਾਂ, ਡਰਾਈਵਰ/ਕੰਡਕਟਰ ਖਿਲਾਫ਼ ਮਾਮਲਾ ਦਰਜ ਕਰਨ ਅਤੇ ਗ੍ਰਿਫਤਾਰੀ ਨੂੰ ਲੈ ਕੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੀਲਾ ਭਵਨ ਚੌਂਕ ‘ਚ ਜਾਮ ਲਗਾ ਕੇ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਬੱਚੇ ਦੇ ਪਿਤਾ ਇਕਬਾਲ ਸਿੰਘ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ, ਜਿਨ੍ਹਾਂ ਦੇ ਕਹਿਣ ‘ਤੇ ਕੰਡਕਟਰ ਨੇ ਖ਼ੁਦ ਡਰਾਈਵਰੀ ਕਰਦਿਆਂ ਅਣਗਹਿਲੀ ਵਰਤੀ, ਜਿਸ ਕਾਰਨ ਮੇਰੇ ਬੱਚੇ ਪ੍ਰਭਜੋਤ (4 ਸਾਲ) ਦੀ ਮੌਤ ਹੋਈ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਪ੍ਰਬੰਧਕਾਂ ਅਤੇ ਡਰਾਈਵਰ-ਕੰਡਕਟਰ ਦੀ ਗ੍ਰਿਫਤਾਰੀ ਤੇ ਮਾਮਲਾ ਦਰਜ ਨਾ ਕੀਤੇ ਜਾਣ ਤੱਕ ਇਹ ਧਰਨਾ ਜਾਰੀ ਰਹੇਗਾ। ਧਰਨਾਕਾਰੀਆਂ ਦੋਸ਼ੀਆਂ ਗ੍ਰਿਫਤਾਰੀਆਂ ਦੀ ਮੰਗ ਨੂੰ ਲੈ ਕੇ ਅੜੇ ਰਹੇ, ਜਦੋਂ ਟਰੈਫਿਕ ਜਾਮ ਹੋਣ ਕਾਰਨ ਇਹ ਧਰਨਾ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਤਾਂ ਡੀਐਸਪੀ ਹੰਸ ਰਾਜ ਜੋਸ਼ਨ ਪੁਲਿਸ ਪਾਰਟੀ ਸਮੇਤ ਧਰਨੇ ਵਾਲੀ ਜਗ੍ਹਾ ‘ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਪੁਲਿਸ ਨੇ ਕੰਡਕਟਰ-ਡਰਾਈਵਰ ਦੀ ਗ੍ਰਿਫਤਾਰੀ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੇਣ ਤੋਂ ਧਰਨਾ ਸਮਾਪਤ ਕਰਵਾਇਆ ਗਿਆ।
ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਅਮਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਧਰਨੇ ਤੋਂ ਬਾਅਦ ਰਾਜਿੰਦਰਾ ਹਸਪਤਾਲ ਦੀ ਮੌਰਚਰੀ ‘ਚ ਪੋਸਟਮਾਰਟਮ ਲਈ ਲਿਜਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੁੜ ਬੱਚੇ ਦੀ ਲਾਸ਼ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੁੜ ਮੰਗ ਕੀਤੀ ਕਿ ਸਕੂਲ ਮੈਨੇਜਮੈਂਟ ਪ੍ਰਬੰਧਕਾਂ ਤੇ ਸਕੂਲ ਦੀ ਪ੍ਰਿੰਸੀਪਲ ਦੀ ਗ੍ਰਿਫਤਾਰੀ ਕਰਕੇ ਮਾਮਲਾ ਦਰਜ ਕੀਤਾ ਜਾਵੇ। ਬੱਚੇ ਦੇ ਪਿਤਾ ਇਕਬਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਸਕੂਲ ਪ੍ਰਬੰਧਕਾਂ ਵੱਲੋਂ ਵਰਤੀ ਅਣਗਹਿਲੀ ਖਿਲਾਫ ਗ੍ਰਿਫਤਾਰੀ ਅਤੇ ਮਾਮਲਾ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਇਥੋਂ ਬੱਚੇ ਨੂੰ ਨਹੀਂ ਚੁੱਕਣਗੇ।
ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਡੀਐਸਪੀ ਸਿਟੀ-2 ਪ੍ਰਸ਼ੋਤਮ ਸਿੰਘ ਬੱਲ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਕਿ ਡਰਾਈਵਰ ਪਰਮਜੀਤ ਸਿੰਘ ਅਤੇ ਕੰਡਕਟਰ ਖਿਲਾਫ਼ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਡਰਾਈਵਰ ਦਫ਼ਾ 279,304-ਏ ਤਹਿਤ ਮਾਮਲਾ ਦਰਜ ਕਰ ਲਿਆ, ਪ੍ਰੰਤੂ ਫਿਰ ਪਰਿਵਾਰਕ ਮੈਂਬਰ ਅਤੇ ਧਰਨਾਕਾਰੀ ਸਕੂਲ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਕਰਨ ਨੂੰ ਲੈ ਕੇ ਬਜ਼ਿੱਦ ਰਹੇ। ਪਰਿਵਾਰਕ ਮੈਂਬਰਾਂ ਵੱਲੋਂ ਜ਼ਿੱਦ ਬਣਾਈ ਰੱਖਣ ਕਾਰਨ ਡੀਐਸਪੀ ਸਿਟੀ ਵੱਲੋਂ ਜਦੋਂ ਸਕੂਲ ਪ੍ਰਿੰਸੀਪਲ ਦੀ ਗ੍ਰਿਫਤਾਰੀ ਦੀ ਆਦੇਸ਼ ਦਿੱਤੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ, ਪ੍ਰੰਤੂ ਫਿਰ ਵੀ ਪਰਿਵਾਰ ਵਾਲੇ ਬੱਚਾ ਚੁੱਕਣ ਲਈ ਰਾਜ਼ੀ ਨਾ ਹੋਏ।
ਅੰਤ ‘ਚ ਪਰਿਵਾਰਕ ਮੈਂਬਰਾਂ ਨੇ ਐਫਆਈਆਰ ‘ਚ ਮੁੜ ਬਿਆਨ ਦਰਜ ਕਰਵਾਏ, ਜਿਸ ‘ਚ ਬੱਚੇ ਦੇ ਪਿਤਾ ਇਕਬਾਲ ਸਿੰਘ ਲਿਖਵਾਇਆ ਗਿਆ ਹਾਦਸੇ ਦੌਰਾਨ ਬੱਚਿਆਂ ਦੀ ਅਟੈਡੰਟ ਅਤੇ ਕੰਡਕਟਰ ਨੂੰ ਵੀ ਸ਼ਾਮਲ ਕੀਤਾ ਜਾਵੇ, ਜਿਨਾਂ ਦੀ ਅਣਗਹਿਲੀ ਕਾਰਨ ਮੇਰੇ ਬੱਚੇ ਦੀ ਮੌਤ ਹੋਈ ਹੈ। ਇਸ ਹਾਦਸੇ ਲਈ ਸਕੂਲ ਮੈਨੇਜਮੈਂਟ ਦੀ ਪ੍ਰਿੰਸੀਪਲ ਬਲਜੀਤ ਕੌਰ, ਐਮਡੀ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਜ਼ਿੰਮੇਵਾਰ ਹਨ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਖ਼ਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਸਕੂਲ ਮੈਨੇਜਮੈਂਟ ਦੇ ਐਮ.ਡੀ. ਗੁਰਪ੍ਰਤਾਪ ਸਿੰਘ ਆਹਲੂਵਾਲੀਆ ਅਤੇ ਸਕੂਲ ਪ੍ਰਿੰਸੀਪਲ ਬਲਜੀਤ ਕੌਰ ਖਿਲਾਫ਼ ਧਾਰਾ 304 ਲਵਾਉਣ ਲਈ ਅੜੇ ਰਹੇ, ਜਦੋਂ ਬੱਚੇ ਦੇ ਪਿਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਸਕੂਲ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਨਾ ਕੀਤਾ ਤਾਂ ਮੁੜ ਧਰਨਾ ਦੇਣਗੇ। ਬੱਚੇ ਦੇ ਪਿਤਾ ਇਕਬਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਮਾਮਲਾ ਦਰਜ ਨਹੀਂ ਕਰਦੀ ਉਦੋਂ ਤੱਕ ਉਹ ਮੌਰਚਰੀ ‘ਚੋਂ ਬੱਚੇ ਨੂੰ ਨਹੀਂ ਚੁੱਕਣਗੇ।

