ਪ੍ਰਾਈਵੇਟ ਲੈਬਾਰਟਰੀਆਂ, ਸੀ.ਟੀ. ਸਕੈਨ-ਐਮਆਰਆਈ. ਸੈਂਟਰਾਂ ਦੇ ਰੇਟ ਰੈਗੂਲੇਟ ਕੀਤੇ ਜਾਣ : ਡਾ. ਧਰਮਵੀਰ ਗਾਂਧੀ
ਡਾ. ਗਾਂਧੀ ਦੀ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨਾਲ ਮੁਲਾਕਾਤ
ਪਟਿਆਲਾ 9 ਮਾਰਚ (ਕੰਵਰ ਬੇਦੀ)
ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਦੇਸ਼ ਭਰ ਵਿੱਚ ਸਟੰਟਾਂ ਦੀਆਂ ਕੀਮਤਾਂ ਰੈਗੁਲੇਟ ਕਰਕੇ ਦਿਲ ਦੇ ਮਰੀਜ਼ਾਂ ਨੂੰ ਸਸਤਾ ਸਟੰਟ ਮੁੱਹਈਆ ਕਰਵਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਦਿਲ ਦੇ ਲੱਖਾਂ ਮਰੀਜਾਂ ਨੂੰ ਬਹੁਤ ਵੱਡੀ ਆਰਥਿਕ ਰਾਹਤ ਮਿਲੀ ਹੈ, ਤੇ ਦਿਲ ਦੇ ਰੋਗਾਂ ਦਾ ਇਲਾਜ਼ ਮੱਧਵਰਗੀ ਅਤੇ ਆਮ ਵਰਗ ਦੀ ਪਹੁੰਚ ਵਿੱਚ ਆ ਗਿਆ ਹੈ ।
ਡਾ. ਗਾਂਧੀ ਨੇ ਕੇਂਦਰੀ ਸੇਹਤ ਮੰਤਰੀ ਜੇ. ਪੀ. ਨੱਢਾ ਨੂੰ ਮਿਲ ਕੇ ਮੰਗ ਰੱਖੀ ਕਿ ਇਸੀ ਤਰਜ਼ ਤੇ ਪ੍ਰਾਈਵੇਟ ਲੈਬਾਰਟਰੀਆਂ, ਸੀ. ਟੀ. ਸਕੈਨ ਸੈਂਟਰ ਅਤੇ ਐਮ. ਆਰ. ਆਈ. ਸੈਂਟਰਾਂ ਦੇ ਵਾਜਿਬ ਰੇਟਾਂ ਨੂੰ ਰੈਗੂਲੇਟ ਕਰਨ ਵਿੱਚ ਵੀ ਕੇਂਦਰ ਸਰਕਾਰ ਨੂੰ ਪਹਿਲ ਕਰਨੀ ਚਾਹਿਦੀ ਹੈ ਤਾਂ ਜੋ ਕਰੋੜਾਂ ਲੋਕਾਂ ਨੂੰ ਸਸਤੇ ਅਤੇ ਮਿਆਰੀ ਟੈਸਟ ਤੇ ਇਲਾਜ਼ ਦੀ ਸਹੂਲਿਅਤ ਹਾਸਿਲ ਹੋ ਸਕੇ ।
ਡਾ. ਗਾਂਧੀ ਨੇ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆ, ਰੇਡਿਓਲਾਜੀ ਸੈਂਟਰਾਂ, ਅਤੇ ਸੀ. ਟੀ. ਸਕੈਨ-ਐਮ. ਆਰ. ਆਈ. ਸੈਂਟਰ ਕਿਸੇ ਵੀ ਰੈਗੂਲੇਟਰੀ ਸੰਸਥਾ ਦੇ ਅਧੀਨ ਨਹੀਂ ਆਉਂਦੇ ਅਤੇ ਟੈਸਟਾਂ ਲਈ ਮਨਮਰਜ਼ੀ ਦੇ ਰੇਟ ਤੈਅ ਕਰਕੇ ਗਰੀਬ ਮਰੀਜ਼ਾਂ ਅਤੇ ਆਮ ਲੋਕਾਂ ਲਈ ਟੈਸਟ ਕਰਵਾਉਣਾ ਅਸੰਭਵ ਬਣਾ ਰਹੇ ਹਨ ।
ਡਾ. ਗਾਂਧੀ ਨੇ ਲੋਕ ਸਭਾ ਵਿੱਚ ਨਿਯਮ 377 ਦੇ ਤਹਿਤ ਸਵਾਲ ਉਠਾ ਕੇ ਸਿਹਤ ਮੰਤਰੀ ਅਤੇ ਸਰਕਾਰ ਦਾ ਧਿਆਨ ਇਸ ਪਾਸੇ ਦਵਾਇਆ ਹੈ. ਉਮੀਦ ਹੈ ਕਿ ਅਗਲੇ ਹਫਤੇ ਇਸ ਸਵਾਲ ਉੱਤੇ ਲੋਕ ਸਭਾ ਵਿੱਚ ਚਰਚਾ ਹੋਵੇਗੀ ।
ਡਾ. ਗਾਂਧੀ ਨੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਤੇ ਦਬਾਅ ਪਾਉਣ ਲਈ ਮਤੇ ਪਾਸ ਕਰਕੇ ਉਹਨਾਂ ਨੂੰ ਦੇਣ ਤਾਂ ਜੋ ਕੇਂਦਰ ਸਰਕਾਰ ਤੇ ਇਸ ਸਬੰਧ ਵਿੱਚ ਕੰਮ ਕਰਨ ਲਈ ਦਬਾਅ ਬਣਾਇਆ ਜਾ ਸਕੇ ।

