ਬਿਲਡਰ ਨੇ ਫਲੈਟ ਮਾਲਕਾ ਉੱਪਰ ਕਰਵਾਇਆ ਹਮਲਾ-ਫਲੈਟ ਮਾਲਕਾਂ ਨੇ ਦਰਜ਼ ਕਰਵਾਈ ਪੁਲਿਸ ਰਿਪੋਰਟ
ਪਟਿਆਲਾ ਵਪਾਰ ਬਚਾਉ ਸੰਘਰਸ਼ ਕਮੇਟੀ ਨੇ ਫਲੈਟ ਮਾਲਕਾਂ ਨੂੰ ਦਿੱਤਾ ਸਮਰਥਨ
ਪਟਿਆਲਾ, 9 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਦੀ ਗਾਰਡਨ ਹਾਈਟਸ ਰੈਜ਼ੀਡੈਂਸ ਵੈਲਫੇਅਰ ਐਸੋ. ਫੇਜ਼ 1 ਦੇ ਚੇਅਰਮੈਨ ਐਸ. ਪੀ. ਐਸ. ਸ਼ਰਮਾ ਅਤੇ ਪ੍ਰਧਾਨ ਸਤ ਪ੍ਰਕਾਸ਼ ਭਾਰਦਵਾਜ ਦੀ ਅਗਵਾਈ ਹੇਠ ਇਕੱਠੇ ਹੋਏ ਫਲੈਟ ਮਾਲਕਾਂ ਨੇ ਅੱਜ ਬਿਲਡਰ ਸਚਿਨ ਗੁਪਤਾ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਫਲੈਟ ਮਾਲਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਲਡਰ ਵੱਲੋਂ ਫਲੈਟ ਮਾਲਕਾਂ ਨੂੰ ਕਿਸੇ ਨਾ ਕਿਸੀ ਤਰੀਕੇ ਨਾਲ ਤੰਗ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਪਿਛਲੀ 3 ਮਾਰਚ ਨੂੰ ਲਿਫਟ ਏ-7 ਨੂੰ ਤਕਨੀਕੀ ਖਰਾਬੀ ਦਾ ਬਹਾਨਾ ਬਣਾ ਕੇ ਬੰਦ ਕਰ ਦਿੱਤਾ ਗਿਆ ਅਤੇ ਨਾਲ ਹੀ ਕਈ ਫਲੈਟਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿਸ ਨਾਲ ਬਜ਼ੁਰਗ ਵਿਅਕਤੀਆਂ ਅਤੇ ਬੱਚਿਆ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਜਦੋਂ ਫਲੈਟ ਮਾਲਕਾਂ ਨੇ ਬਿਲਡਰ ਨੂੰ ਇਸ ਸਮੱਸਿਆ ਨੂੰ ਠੀਕ ਕਰਨ ਲਈ ਕਿਹਾ ਤਾਂ ਉਸਨੇ ਕੋਈ ਵੀ ਧਿਆਨ ਨਾ ਦਿੱਤਾ।ਜਦੋਂ ਫਲੈਟ ਮਾਲਕਾਂ ਨੇ ਆਪ ਪਲੰਬਰ ਬੁਲਾ ਕੇ ਪਾਣੀ ਦੀ ਸਪਲਾਈ ਠੀਕ ਕਰਵਾਉਣੀ ਚਾਹੀ ਤਾਂ ਬਿਲਡਰ ਵਲੋਂ ਨਿਯੁਕਤ ਕੀਤੇ ਗਏ ਮੈਨੇਜਰ ਗੁਰਦੀਪ ਸਿੰਘ ਅਤੇ ਉਸਦੇ 10 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਫਲੈਟ ਮਾਲਕਾਂ ਉੱਪਰ ਲੋਹੇ ਦੀਆਂ ਰਾਡਾ ਅਤੇ ਡਾਂਗਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਫਲੈਟ ਮਾਲਕਾਂ ਨੇ ਮੌਕੇ ਤੇ ਹੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਡੀ.ਐਸ.ਪੀ ਦਿਹਾਤੀ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਜਾਂਚਿਆ ਨਾਲ ਹੀ ਫਲੈਟ ਮਾਲਕਾ ਨੇ ਥਾਣਾ ਸਦਰ ਵਿਖੇ ਪੇਸ਼ ਹੋ ਕੇ ਥਾਣਾ ਮੁਖੀ ਨੂੰ ਬਿਲਡਰ ਦੇ ਖਿਲਾਫ ਜਾਨਲੇਵਾ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਬਿਲਡਰ ਖਿਲਾਫ ਲੋੜੀਂਦੀ ਪੁਲਿਸ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਥਾਣਾ ਮੁਖੀ ਨੇ ਫਲੈਟ ਮਾਲਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਸ਼ਿਕਾਇਤ ਉੱਪਰ ਬਿਲਡਰ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੋਕੇ ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਰਕੇਸ਼ ਗੁਪਤਾ ਵੱਲੋਂ ਫਲੈਟ ਮਾਲਕਾ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਹਰ ਵੇਲੇ ਉਹਨਾਂ ਦੀ ਸਹਾਇਤਾ ਲਈ ਹਾਜਰ ਹਨ।ਇਸ ਮੌਕੇ ਫਲੈਟ ਮਾਲਕਾਂ ਨੇ ਕਿਹਾ ਕਿ ਜੇਕਰ ਜਲਦ ਹੀ ਬਿਲਡਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਬੇਮਿਆਦੀ ਸੰਘਰਸ਼ ਦੇ ਰਾਹ ਨੂੰ ਅਪਨਾਉਣ ਲਈ ਮਜ਼ਬੂਰ ਹੋਣਗੇਂ। ਇਸ ਮੌਕੇ ਐਨ. ਐਸ. ਸੋਢੀ, ਰਾਜੇਸ਼ ਬਾਂਸਲ, ਸਰਬਜੀਤ ਸਿੰਘ, ਪ੍ਰਦੀਪ ਮਲਹੋਤਰਾ, ਡਾ. ਵਿਨੋਦ ਸਿੰਗਲਾ, ਜਸਪਾਲ ਸਿੰਘ,ਰਜੇਸ਼ ਗਰਗ,ਐਸ.ਪੀ ਗੋਇਲ, ਹਰੀਸ਼ ਮਲਹੋਤਰਾ, ਸਰੋਜ ਸ਼ਰਮਾ, ਬਲਵਿੰਦਰ ਕੋਰ ਪੁਰੀ,ਧਰਮਪਾਲ ਅਤੇ ਨਰਿੰਦਰ ਗੋਇਲ ਤੋਂ ਇਲਾਵਾ ਹੋਰ ਫਲੈਟਾਂ ਦੇ ਮਾਲਕ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।

