ਖ਼ਾਲਸਾ ਕਾਲਜ ਵਿੱਚ ਪਲੇਸਮੈਂਟ ਡਰਾਇਵ ਪ੍ਰੋਗਰਾਮ ਦੌਰਾਨ 50 ਵਿਦਿਆਰਥੀਆਂ ਦੀ ਚੋਣ
ਪਟਿਆਲਾ, 9 ਮਾਰਚ (ਮਧੂਸਾਰ ਬਿਊਰੋ):
ਖ਼ਾਲਸਾ ਕਾਲਜ, ਪਟਿਆਲਾ ਦੇ ਡਾ. ਗੰਡਾ ਸਿੰਘ, ਕਰੀਅਰ ਗਾਈਡੈਂਸ ਕਾਊਂਸਲਿੰਗ ਅਤੇ ਪਲੇਸਮੈਂਟ ਸੈਂਟਰ ਵੱਲੋਂ ਇੱਕ ਪਲੇਸਮੈਂਟ ਡਰਾਇਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੀ.ਕਾਮ. ਭਾਗ ਤੀਜਾ, ਬੀ.ਕਾਮ. ਪ੍ਰੋਫ਼ੈਸ਼ਨਲ ਭਾਗ ਤੀਜਾ, ਬੀ.ਏ.ਐਫ. ਭਾਗ ਤੀਜਾ, ਐਮ.ਬੀ.ਏ. ਭਾਗ ਦੂਜਾ, ਐਮ.ਐਲ.ਡੀ. ਭਾਗ ਦੂਜਾ ਅਤੇ ਐਮ.ਕਾਮ. ਭਾਗ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪਲੇਸਮੈਂਟ ਡਰਾਇਵ ਪ੍ਰੋਗਰਾਮ ਦੌਰਾਨ ਕਾਲਜ ਦੇ 50 ਵਿਦਿਆਰਥੀਆਂ ਦੀ ਚੋਣ 2.70 ਲੱਖ ਰੁਪਏ ਦੇ ਸਲਾਨਾ ਪੈਕੇਜ਼ ਨਾਲ ਹੋਈ।
ਇਸ ਪਲੇਸਮੈਂਟ ਡਰਾਇਵ ਪ੍ਰੋਗਰਾਮ ਦੌਰਾਨ ਨੋਇਡਾ ਬੇਸਡ ਰੀਅਲ ਅਸਟੇਟ ‘ਇਨਵੈਸਟਰ ਕਲੀਨਿਕ’ ਨਾਮਕ ਕੰਪਨੀ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀਮਾਨ ਮੁਕੇਸ਼ ਹਾਂਡਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਦੀ ਕਿਸ ਤਰ੍ਹਾਂ ਮਦਦ ਕਰਦੀ ਹੈ। ਇਸ ਰੁਜ਼ਗਾਰ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਸਮੂਹਿਕ ਵਿਚਾਰ ਚਰਚਾ ਹੋਈ ਅਤੇ ਦੂਸਰੇ ਪੜਾਅ ਵਿੱਚ ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੀ ਵਿਅਕਤੀਗਤ ਇੰਟਰਵਿਊ ਦੇ ਆਧਾਰ ‘ਤੇ ਹੋਈ।
ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਕਾਲਜ ਵਿੱਚ ‘ਇਨਵੈਸਟਰ ਕਲੀਨਿਕ’ ਵਰਗੀ ਨਾਮਵਰ ਕੰਪਨੀ ਵਿਦਿਆਰਥੀਆਂ ਦੀ ਚੋਣ ਲਈ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਮੇਸ਼ਾ ਹੀ ਇਸ ਪਾਸੇ ਯਤਨਸ਼ੀਲ ਰਹਿਣਗੇ ਕਿ ਉਨ੍ਹਾਂ ਦੇ ਵਿਦਿਆਰਥੀ ਰੁਜ਼ਗਾਰ ਪ੍ਰਾਪਤੀ ਦੇ ਬੇਹਤਰ ਅਵਸਰ ਪ੍ਰਾਪਤ ਕਰ ਸਕਣ ਲਈ ਸਰਵੋਤਮ ਤਜ਼ਰਬੇ ਹਾਸਲ ਕਰਨ।
ਇਸ ਮੌਕੇ ਖ਼ਾਲਸਾ ਕਾਲਜ, ਪਟਿਆਲਾ ਦੇ ਡਿਪਟੀ ਪ੍ਰਿੰਸੀਪਲ ਅਤੇ ਕਨਵੀਨਰ, ਪਲੇਸਮੈਂਟ ਸੈਂਟਰ, ਡਾ. ਜਸਲੀਨ ਕੌਰ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਰੁਜ਼ਗਾਰ ਨਾਲ ਸਬੰਧਤ ਪ੍ਰੋਗਰਾਮਾਂ ਦੇ ਦੌਰਾਨ ਵਿਦਿਆਰਥੀ ਸਿਰਫ਼ ਰੁਜ਼ਗਾਰ ਹੀ ਨਹੀਂ ਬਲਕਿ ਭਵਿੱਖ ਲਈ ਬੇਹਤਰੀਨ ਤਜ਼ਰਬੇ ਵੀ ਹਾਸਲ ਕਰਦੇ ਹਨ।

