ਕੈਪਟਨ ਅਮਰਿੰਦਰ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ, ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕੈਪਟਨ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ
ਚੰਡੀਗੜ੍ਹ, 12 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੈਪਟਨ ਅਮਰਿੰਦਰ ਸਿੰਘ ਨੂੰ ਐਤਵਾਰ ਨੂੰ ਸਰਬਸੰਮਤੀ ਨਾਲ ਪੰਜਾਬ ‘ਚ ਕਾਂਗਰਸ ਵਿਧਾਇਕ ਧਿਰ ਦਾ ਨਵਾਂ ਲੀਡਰ ਚੁਣ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਤੌਰ ‘ਤੇ ਰਾਜਪਾਲ ਨੂੰ ਮਿੱਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਦਾ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਾ ਸਪੱਸ਼ਟ ਹੋ ਗਿਆ ਹੈ।
ਸਹੁੰ ਚੁੱਕ ਸਮਾਰੋਹ ਇਥੇ 16 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਹੋਵੇਗਾ, ਜਦੋਂ ਕੈਪਟਨ ਅਮਰਿੰਦਰ ਬਤੌਰ ਮੁੱਖ ਮੰਤਰੀ ਸਹੁੰ ਚੁੱਕਣਗੇ। ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਕੈਬਿਨੇਟ ਦੇ ਕੁਝ ਮੈਂਬਰ ਵੀ ਅਹੁਦੇ ਦੀ ਸਹੁੰ ਚੁੱਕਣਗੇ, ਪਰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਏ.ਆਈ.ਸੀ.ਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਦੀ ਕਾਂਗਰਸ ਵਿਧਾਇਕ ਧਿਰ ਦੇ ਲੀਡਰ ਵਜੋਂ ਚੋਣ ਕਾਂਗਰਸ ਭਵਨ ‘ਚ ਹੋਈ, ਜਿਥੇ ਸਾਰਿਆਂ ਨਵੇਂ ਚੁਣੇ ਵਿਧਾਇਕਾਂ ਨੇ ਇਕ ਲਾਈਨ ਦਾ ਮਤਾ ਪਾਸ ਕਰਕੇ ਕਾਂਗਰਸ ਵਿਧਾਇਕ ਧਿਰ ਦੇ ਨਵੇਂ ਲੀਡਰ ‘ਤੇ ਫੈਸਲਾ ਲੈਣ ਬਾਰੇ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅਧਿਕਾਰ ਸੌਂਪ ਦਿੱਤਾ।
ਆਸ਼ਾ ਕੁਮਾਰੀ ਨੇ ਇਸ ਤੋਂ ਬਾਅਦ, ਕਾਂਗਰਸ ਵਿਧਾਇਕ ਧਿਰ ਦੇ ਫੈਸਲੇ ਤੋਂ ਜਾਣੂ ਕਰਵਾਉਣ ਲਈ ਰਾਹੁਲ ਗਾਂਧੀ ਨੂੰ ਫੋਨ ਕੀਤਾ। ਉਨ੍ਹਾਂ ਨੇ ਬਾਅਦ ‘ਚ ਵਿਧਾਇਕਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਦੇ ਨਾਂਮ ਦਾ ਨਵੇਂ ਸੀ.ਐਲ.ਪੀ ਲੀਡਰ ਵਜੋਂ ਪ੍ਰਸਤਾਅ ਦਿੱਤਾ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਕੈਪਟਨ ਅਮਰਿੰਦਰ ਨੂੰ ਆਪਣਾ ਲੀਡਰ ਚੁਣ ਲਿਆ।
ਇਸ ਮੌਕੇ ਆਸ਼ਾ ਕੁਮਾਰੀ ਤੋਂ ਇਲਾਵਾ, ਕਾਂਗਰਸ ਵਿਧਾਇਕ ਧਿਰ ਦੀ ਮੀਟਿੰਗ ‘ਚ ਮੌਜ਼ੂਦ ਹੋਰ ਏ.ਆਈ.ਸੀ.ਸੀ ਆਗੂਆਂ ‘ਚ ਅਸ਼ੋਕ ਗਹਿਲੋਤ (ਪੰਜਾਬ ਚੋਣਾਂ ਲਈ ਕਾਂਗਰਸ ਸਕ੍ਰੀਨਿੰਗ ਕਮੇਟੀ ਦੇ ਮੁਖੀ) ਤੇ ਹਰੀਸ਼ ਚੌਧਰੀ (ਏ.ਆਈ.ਸੀ.ਸੀ ਸਕੱਤਰ) ਵੀ ਮੌਜੂਦ ਰਹੇ।
ਮੀਟਿੰਗ ‘ਚ ਅਹੁਦਾ ਛੱਡ ਰਹੇ ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਇਕ ਬਿਆਨ ਪੜ੍ਹ ਕੇ ਪੰਜਾਬ ਦੇ ਲੋਕਾਂ ਦਾ ਹਾਲੇ ‘ਚ ਪੂਰੀਆਂ ਹੋਈਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟਾਇਆ।
ਕੈਪਟਨ ਅਮਰਿੰਦਰ ਬਾਅਦ ‘ਚ ਗਹਿਲੋਤ, ਆਸ਼ਾ ਕੁਮਾਰੀ ਤੇ ਚੌਧਰੀ ਨਾਲ ਰਾਜ ਭਵਨ ‘ਚ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਮਿੱਲਣ ਗਏ ਤੇ ਰਸਮੀ ਤੌਰ ‘ਤੇ ਸੂਬੇ ਅੰਦਰ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਕਾਂਗਰਸ ਦੀ ਜਿੱਤ ਲਈ ਕੈਪਟਨ ਅਮਰਿੰਦਰ ਨੂੰ ਵਧਾਈ ਦਿੱਤੀ ਤੇ ਪੰਜਾਬ ‘ਚ ਨਵੀਂ ਸਰਕਾਰ ਬਣਾਉਣ ਲਈ ਰਸਮੀ ਤੌਰ ‘ਤੇ ਉਨ੍ਹਾਂ ਨੂੰ ਸੱਦਾ ਦਿੱਤਾ।

