ਖ਼ਾਲਸਾ ਕਾਲਜ, ਪਟਿਆਲਾ ਵੱਲੋਂ ‘ਸਮਾਰਟ ਫੋਨ ਐਪਲੀਕੇਸ਼ਨਜ਼ ਅਤੇ ਇੰਟਰਨੈੱਟ ਆਫ਼ ਥਿੰਗਜ਼’ ਵਿਸ਼ੇ ‘ਤੇ ਸੈਮੀਨਾਰ
ਪਟਿਆਲਾ 14 ਮਾਰਚ (ਕੰਵਰ ਬੇਦੀ)
ਖ਼ਾਲਸਾ ਕਾਲਜ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਲਈ ‘ਸਮਾਰਟ ਫੋਨ ਐਪਲੀਕੇਸ਼ਨਜ਼ ਅਤੇ ਇੰਟਰਨੈੱਟ ਆਫ਼ ਥਿੰਗਜ਼’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਵਿੱਚ ਹਨੁਮਾਇਮਾ ਇਨਵੋਵੇਸ਼ਨਜ਼ ਐਂਡ ਟੈਕਨਾਲੋਜੀ ਦੇ ਸਾਫ਼ਟਵੇਅਰ ਇੰਜਨੀਅਰ ਮਾਨਵ ਸਿੰਘ, ਵੈੱਬ ਡਿਜ਼ਾਈਨਰ ਕਮਲਪਵਿੱਤ ਕੌਰ, ਸੀਨੀਅਰ ਮਾਰਕਟਿੰਗ ਹੈੱਡ ਰਮਨਜੀਤ ਸਿੰਘ, ਪੀ.ਆਰ.ਓ ਜੇ.ਪੀ. ਸਿੰਘ ਵਿਸ਼ਾ ਮਾਹਿਰ ਦੇ ਤੌਰ ‘ਤੇ ਪਹੁੰਚੇ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਡਾਟਾ ਸਾਇੰਸ ਦੀ ਵੱਧ ਰਹੀ ਮਹੱਤਤਾ ਅਤੇ ਇਸ ਖੇਤਰ ਵਿੱਚ ਰੁਜ਼ਗਾਰ ਤੋਂ ਜਾਣੂ ਕਰਵਾਉਣਾ ਸੀ।
ਸੈਮੀਨਾਰ ਦੌਰਾਨ ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਡਾਟਾ ਸਾਇੰਸ, ਮਸ਼ੀਨ ਲਰਨਿੰਗ ਅਤੇ ਡਾਟਾ ਸਾਇੰਸ ਦੀ ਵੱਖੋ-ਵੱਖਰੇ ਖੇਤਰਾਂ ਵਿੱਚ ਜਿਵੇਂ ਮੈਡੀਕਲ ਸਾਇੰਸ, ਡੇਅਰੀ ਅਤੇ ਸੈਂਸਰ ਵਿਚ ਹੋ ਰਹੀ ਵਰਤੋਂ ਬਾਰੇ ਵਿਸਥਾਰ ਪੂਰਵਕ ਦੱਸਿਆ। ਉਹਨਾਂ ਨੇ ਲਾਈਵ ਪ੍ਰੋਜੈਕਟ ਸੰਜੀਵਨੀ ਈ.ਐੱਚ.ਆਰ ਅਤੇ ਡੇਅਰੀ ਵਿੱਚ ਵਰਤੇ ਜਾ ਰਹੇ ਸੈਂਸਰਾਂ ਸੰਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਡਾਟਾ ਸਾਇੰਸ ਅਤੇ ਇੰਟਰਨੈੱਟ ਆਫ਼ ਥਿੰਗਜ਼ ਨਾਲ ਸੰਬੰਧਿਤ ਵੱਖ-ਵੱਖ ਕਿਰਿਆਵਾਂ ਵਿੱਚ ਭਾਗ ਲਿਆ।
ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਅਤੇ ਨਿਵੇਕਲੀਆਂ ਤਕਨੀਕਾਂ ਸੰਬੰਧੀ ਹਾਸਿਲ ਕੀਤੀ ਜਾਣਕਾਰੀ ਵਿਦਿਆਰਥੀਆਂ ਦੇ ਭਵਿੱਖ ਵਿੱਚ ਕਾਰਗਰ ਸਾਬਿਤ ਹੋਵੇਗੀ।
ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਸੁਖਮੀਨ ਕੌਰ ਨੇ ਕਿਹਾ ਕਿ ਵਿਭਾਗ ਵਿਦਿਆਰਥੀਆਂ ਨੂੰ ਉੱਚ-ਪੱਧਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਆਯੋਜਿਤ ਕਰਵਾਉਣ ਲਈ ਨਿਰੰਤਰ ਉਪਰਾਲੇ ਕਰਦਾ ਰਹੇਗਾ। ਇਸ ਸੈਮੀਨਾਰ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੰਪਿਊਟੋਨਿਕਸ ਕਲੱਬ ਦੇ ਕਨਵੀਨਰ ਪ੍ਰੋ. ਜਤਿੰਦਰ ਕੌਰ ਅਤੇ ਕੋਆਰਡੀਨੇਟਰ ਪ੍ਰੋ. ਇੰਦਰਬੀਰ ਕੌਰ ਨੇ ਕੀਤਾ।

