25 ਫ਼ੀਸਦੀ ਵੋਟਾਂ ਗਠਜੋੜ ਦੇ ਖਾਤੇ ‘ਚ ਤਬਦੀਲ ਕਰਨ ਵਾਲਾ ਕੇਜਰੀਵਾਲ ਦਾ ਬਿਆਨ ਚੁਟਕਲੇ ਤੋਂ ਘੱਟ ਨਹੀਂ : ਗੁਰਤੇਜ ਢਿੱਲੋਂ
ਪਟਿਆਲਾ, 15 ਮਾਰਚ (ਮਧੂਸਾਰ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਮੁੰਗੇਰੀ ਲਾਲ ਵਾਲੇ ਦੇਖੇ ਸੁਪਨੇ ਦੇ ਟੁੱਟਣ ਕਾਰਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ।
ਉਨ੍ਹਾਂ ਆਖਿਆ ਕਿ ਕੇਜਰੀਵਾਲ ਵਲੋਂ ਪੰਜਾਬ ਅੰਦਰ ਈਵੀਐਮ ਵਿਚ ਗੜਬੜੀ ਕਰਕੇ ਆਪ ਦੀ 25 ਫ਼ੀਸਦੀ ਵੋਟ ਅਕਾਲੀ-ਭਾਜਪਾ ਗਠਜੋੜ ਨੂੰ ਪਵਾਉਣ ਦੇ ਅੱਜ ਆਏ ਬਿਆਨ ‘ਤੇ ਚੁਟਕੀ ਲੈਂਦਿਆਂ ਆਖਿਆ ਕਿ ਇਹ ਇਕ ਚੁਟਕਲੇ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਦਿੱਲੀ ਅੰਦਰ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਉਂਦੇ ਹਨ ਉਦੋਂ ਉਨ੍ਹਾਂ ਨੂੰ ਮਸ਼ੀਨਾਂ ਅੰਦਰ ਕੋਈ ਗੜਬੜੀ ਨਹੀਂ ਦਿਸਦੀ ਅਤੇ ਹੁਣ ਪੰਜਾਬ ਅੰਦਰ ਸਰਕਾਰ ਨਾ ਬਣਨ ਅਤੇ ਵੋਟ ਪ੍ਰਤੀਸ਼ਤ ਅੰਦਰ ਪੰਜਾਬ ‘ਚ ਤੀਜੇ ਨੰਬਰ ‘ਤੇ ਪਛੜ ਜਾਣ ਕਾਰਨ ਮਸ਼ੀਨਾਂ ਵਿਚ ਛੇੜਛਾੜ ਜਿਹੇ ਬੇਬੁਨਿਆਦੀ ਇਲਜ਼ਾਮ ਲਗਾਉਣ ਲੱਗੇ ਹਨ।
ਚੇਅਰਮੈਨ ਢਿੱਲੋਂ ਨੇ ਆਖਿਆ ਕਿ ਪੰਜਾਬ ਦੇ ਵੋਟਰ ਬਹੁਤ ਸੂਝਵਾਨ ਅਤੇ ਸਿਅਣੇ ਹਨ ਜਿਨ੍ਹਾਂ ਨੇ ਆਪ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਭਾਂਪਦਿਆਂ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰਖਦਿਆਂ ਆਪ ਨੂੰ ਸੱਤਾ ਤੋਂ ਦੂਰ ਰੱਖਿਆ।
ਸ. ਢਿੱਲੋਂ ਨੇ ਆਖਿਆ ਕਿ ਜਿਹੜਾ ਮਕਾਨ ਲੈਂਟਰ ‘ਤੇ ਆ ਕੇ ਡਿੱਗ ਜਾਵੇ ਉਸ ਮਕਾਨ ਦੀ ਨੀਂਹ ਵਿਚ ਕੋਈ ਕਮੀ ਜਾਂ ਨੁਕਸ ਹੁੰਦਾ ਹੈ ਅਤੇ ਆਪ ਦਾ ਵੀ ਇਹੋ ਹਾਲ ਸੀ ਅਤੇ ਅੱਗੇ ਵੀ ਇਹੋ ਹਾਲ ਰਹੇਗਾ। ਉਨ੍ਹਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਲੋਕਾਂ ਵਲੋਂ ਮਿਲੇ ਫਤਵੇ ਨੂੰ ਸਿਰਮੱਥੇ ਪ੍ਰਵਾਨ ਕਰਨ ਅਤੇ ਇਹ ਗੱਲ ਚੰਗੀ ਤਰ੍ਹਾਂ ਮਨ ਅੰਦਰ ਵਸਾ ਲੈਣ ਕਿ ਪੰਜਾਬ ਅੰਦਰ ਆਪ ਦਾ ਕੋਈ ਅਧਾਰ ਨਹੀਂ ਅਤੇ ਪੰਜਾਬ ਅੰਦਰ ਸਿਰਫ਼ ਤੇ ਸਿਰਫ਼ ਦੋ ਪਾਰਟੀਆਂ ਵਿਚੋਂ ਹੀ ਪੰਜਾਬ ਦੇ ਲੋਕਾਂ ਨੇ ਇਕ ਨੂੰ ਚੁਣਿਆ ਹੈ ਅਤੇ ਤੀਜੇ ਫਰੰਟ ਨੂੰ ਹਮੇਸ਼ਾਂ ਹੀ ਮੂੰਹ ਦੀ ਖਾਣੀ ਪਈ ਹੈ।

