ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹਿਮ ਫੈਸਲਾ, ਬਾਦਲ ਨੂੰ ਮਿਲੇਗੀ ਮਨਪਸੰਦ ਦੀ ਸਰਕਾਰੀ ਰਿਹਾਇਸ਼
ਚੰਡੀਗੜ੍ਹ, 18 ਮਾਰਚ (੍ਰਮਧੂਸਾਰ ਬਿਊਰੋ)
ਇਕ ਅਹਿਮ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਸਰਕਾਰੀ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਹੈ।
ਮੀਡੀਆ ਵਿੱਚ ਆਪਣੀ ਪਾਰਟੀ ਦੀ ਹਾਰ ਉਪਰੰਤ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੇ ਸ. ਬਾਦਲ ਵੱਲੋਂ ਆਪਣੇ ਲਈ ਯੋਗ ਘਰ ਦੀ ਤਲਾਸ਼ ਬਾਰੇ ਛਪੀਆਂ ਰਿਪੋਰਟਾਂ ਮੁਤਾਬਕ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਕਿਹਾ ਅਕਾਲੀ ਆਗੂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ ਜਿੱਥੇ ਉਹ ਜਿਨ੍ਹਾ ਚਿਰ ਚਾਹੁਣ, ਰਹਿ ਸਕਦੇ ਹਨ। ਇਸ ਸਬੰਧੀ ਲੋੜੀਂਦੀ ਨੀਤੀ ਵਿੱਚ ਸੋਧ ਕੀਤੀ ਜਾ ਰਹੀ ਹੈ।
ਮੌਜੂਦਾ ਪਾਲਸੀ ਮੁਤਾਬਕ ਸੂਬੇ ਵਿੱਚ ਸਾਬਕਾ ਮੁੱਖ ਮੰਤਰੀਆਂ ਦੇ ਰਹਿਣ ਲਈ ਕੋਈ ਉਪਬੰਧ ਨਹੀਂ ਹੈ। ਹਾਲਾਂਕਿ ਇਸ ਸਬੰਧੀ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀਆਂ ਦੀ ਰਿਹਾਇਸ਼ ਸਬੰਧੀ ਉਪਬੰਧ ਕੀਤਾ ਸੀ ਪਰ ਸੂਬੇ ਦੀ ਪਿਛਲੀ ਅਕਾਲੀ ਸਰਕਾਰ ਨੇ ਇਸ ਨੂੰ ਖਤਮ ਕਰ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸ. ਬਾਦਲ ਵੱਲੋਂ ਉਨ੍ਹਾਂ ਨੂੰ ਦੋ ਸਟੈਨੋਗ੍ਰਾਫਰਜ਼ ਅਤੇ ਡਾਕਟਰਜ਼, ਸਰਕਾਰੀ ਵਾਹਨ ਅਤੇ ਸੁਰੱਖਿਆ ਦੇਣ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ।

