ਕੇਂਦਰ ਸਿੱਖ ਮੈਰਿਜ ਬਿੱਲ ਨੂੰ ਮਨਜ਼ੂਰੀ ਦੇ ਕੇ ਤਿੰਨ ਕਰੋੜ ਸਿੱਖਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰੇ : ਡਾ. ਧਰਮਵੀਰ ਗਾਂਧੀ
ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪਾਕਿਸਤਾਨ ਸਰਕਾਰ ਵੱਲੋਂ ਹਿੰਦੂ ਮੈਰਿਜ ਬਿੱਲ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪਾਕਿਸਤਾਨ ਦੀ ਤਰਜ਼ ‘ਤੇ ਸਿੱਖ ਮੈਰਿਜ ਬਿੱਲ ਨੂੰ ਮਨਜ਼ੂਰੀ ਦੇਵੇ ਅਤੇ ਦੇਸ਼ ਦੇ ਤਿੰਨ ਕਰੋੜ ਤੋਂ ਵੱਧ ਸਿੱਖਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰੇ। ਡਾ. ਗਾਂਧੀ ਨੇ ਸਿੱਖ ਮੈਰਿਜ ਬਿੱਲ ਨੂੰ ਮਨਜ਼ੂਰ ਕਰਵਾਉਣ ਲਈ ਸੰਸਦ ‘ਚ 2015 ‘ਚ ਇਹ ਮੰਗ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਲੋਕਤੰਤਰ ਨਾ ਕੇਵਲ ਲੋਕਾਂ ਨੂੰ ਹਰ ਪੰਜ ਸਾਲ ਬਾਅਦ ਵੋਟ ਕਰਨ, ਸਰਕਾਰ ਨੂੰ ਬਦਲਣ ਜਾਂ ਚੋਣ ਕਰਨ ਦਾ ਅਧਿਕਾਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ‘ਚ ਕੁਝ ਲੋਕ ਵੱਖ ਵੱਖ ਧਰਮਾਂ, ਪ੍ਰੰਪਰਾਵਾਂ ਅਤੇ ਰੀਤੀ ਰਿਵਾਜਾਂ ‘ਚ ਵਿਸ਼ਵਾਸ ਰੱਖਦੇ ਹਨ ਅਤੇ ਜੀਵਨ ਦੇ ਵੱਖ-ਵੱਖ ਤਰੀਕਿਆਂ ‘ਚ ਵਿਸ਼ਵਾਸ ਰੱਖਦੇ ਹਨ ਇਸ ਲਈ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹਾ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਲੋਕ ਬਰਾਬਰ ਦੇ ਹੱਕਾਂ ਦਾ ਆਨੰਦ ਮਾਣ ਸਕਣ।
ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਸਿੱਖ ਮੈਰਿਜ ਬਿੱਲ ਪੂਰੀ ਤਰ੍ਹਾਂ ਸੰਵਿਧਾਨ ਦੀ ਲੋਕਤੰਤਰਿਕ ਅਤੇ ਸੰਘੀ ਢਾਂਚੇ ਦੇ ਅੰਤਰਗਤ ਆਉਂਦਾ ਹੈ ਅਤੇ ਕੇਂਦਰ ਸਰਕਾਰ ਨੂੰ ਜਲਦ ਹੀ ਅਪਣਾਕੇ ਪਾਸ ਕਰ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਡਾ. ਧਰਮਵੀਰ ਗਾਂਧੀ ਨੇ ਪਹਿਲਾਂ ਵੀ ਲੋਕ ਸਭਾ ਅਤੇ ਰਾਜ ਸਭਾ ‘ਚ ਵੱਖ ਵੱਖ ਦਲਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿੱਤ ਸ਼ਾਹ ਨੂੰ ਵੀ ਪੱਤਰ ਲਿਖ ਕੇ ਮਾਮਲਾ ਚੁੱਕਿਆ ਸੀ ਕਿ ਅਮਿੱਤ ਸ਼ਾਹ ਜਲਦ ਹੀ ਇਕ ਨਿੱਜੀ ਮੀਟਿੰਗ ਸੱਦ ਕੇ ਸਿੱਖ ਮੈਰਿਜ ਬਿੱਲ ਦੇ ਲਈ ਸੱਤਾਧਾਰੀ ਪਾਰਟੀ ਤੋਂ ਸਮਰਥਨ ਲੈ ਕੇ ਪਾਸ ਕਰੇ।

