ਮਜੀਠਾ ਅਤੇ ਰਾਜ ‘ਚ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਮੁੱਦਾ ਵਿਧਾਨ ਸਭਾ ਵਿੱਚ ਗੂੰਜੇਗਾ: ਮਜੀਠੀਆ
ਅੰਮ੍ਰਿਤਸਰ 22 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਰਕਾਰ ਆਪਣੀ ਵਜੂਦ ਦੇ ਇੱਕ ਹਫ਼ਤੇ ‘ਚ ਹੀ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ‘ਚ ਪੂਰੀ ਤਰਾਂ ਫੇਲ੍ਹ ਹੋ ਗਈ ਹੈ।
ਉਹਨਾਂ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਅਮਨ ਕਾਨੂੰਨ ਦੀ ਤੇਜੀ ਨਾਲ ਵਿਗੜ ਰਹੀ ਸਥਿਤੀ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਮੌਜੂਦ ਸਮੇਂ ਨਾ ਤਾਂ ਦਲਿਤ ਭਾਈਚਾਰਾ ਅਤੇ ਨਾ ਹੀ ਔਰਤਾਂ ਸੁਰਖਿਅਤ ਹਨ। ਉਹਨਾਂ ਕਿਹਾ ਕਿ ਕੁੱਝ ਕਾਂਗਰਸੀ ਆਗੂ ਅਪਰਾਧੀ ਕਿਸਮ ਦੇ ਲੋਕਾਂ ਨਾਲ ਮਿਲ ਕੇ ਅਕਾਲੀ ਸਮਰਥਕਾਂ ਨਾਲ ਸਿਆਸੀ ਕਿੜ ਕੱਢ ਲਈ ਉਹਨਾਂ ਉੱਤੇ ਜਾਨ ਸੇਵਾ ਹਮਲੇ ਕਰਾ ਰਹੇ ਹਨ, ਜਿਸ ਨੂੰ ਨਾ ਰੋਕਿਆ ਗਿਆ ਤਾਂ ਉਹ ਇਨਸਾਫ਼ ਲਈ ਅਦਾਲਤ ਦਾ ਦਰਵਾਜਾ ਖੜਕਾਉਣ ਤੋਂ ਇਲਾਵਾ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਵੀ ਉਠਾਉਣਗੇ। ਉਹਨਾਂ ਕਿਹਾ ਕਿ ਇਨਸਾਫ਼ ਲਈ ਲੋੜ ਪੈਣ ਉੱਤੇ ਸੜਕਾਂ ‘ਤੇ ਉੱਤਰਨ ਤੋਂ ਇਲਾਵਾ ਅਕਾਲੀ ਦਲ ਦੇ ਵਫ਼ਦ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਿਆ ਜਾਵੇਗਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅੱਜ ਕਾਂਗਰਸੀ ਆਗੂਆਂ ਦੀਆਂ ਰਹਾਇਸ਼ਾਂ ਰਾਸ਼ਟਰ ਵਿਰੋਧੀ, ਸਮਾਜ ਵਿਰੋਧੀ ਅਤੇ ਅਪਰਾਧੀ ਕਿਸਮ ਦੇ ਲੋਕਾਂ ਲਈ ਪਨਾਹਗਾਹ ਬਣ ਰਹੇ ਹਨ। ਜਿਸ ਕਰ ਕੇ ਪੁਲੀਸ ਵੀ ਉਹਨਾਂ ਲੋਕਾਂ ਨੂੰ ਹੱਥ ਨਹੀਂ ਪਾ ਰਹੀ। ਉਹਨਾਂ ਦੋਸ਼ ਲਾਇਆ ਕਿ ਕਲ ਮਜੀਠਾ ਵਿਖੇ ਸ਼ਰਾਰਤੀਆਂ ਵੱਲੋਂ ਇੱਕ ਔਰਤ ਦੇ ਕੱਪੜੇ ਪਾੜਨ ਵਰਗੇ ਖੌਫ਼ਨਾਕ ਤੇ ਹਿਰਦੇਵੇਧਕ ਕਾਰੇ ਨੂੰ ਸ਼ਰੇਆਮ ਅੰਜਾਮ ਦਿੱਤਾ ਗਿਆ। ਇੱਕ ਦਿਨ ਪਹਿਲਾਂ ਕਾਂਗਰਸੀ ਉਮੀਦਵਾਰ ਲਾਲੀ ਮਜੀਠਾ ਦੀ ਸ਼ਹਿ ‘ਤੇ ਅਕਾਲੀ ਸਮਰਥਕ ਦਲਿਤ ਪਰਿਵਾਰ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ। ਹਮਲਾਵਰ 326 ਦਾ ਝੂਠਾ ਕੇਸ ਬਣਾ ਰਹੇ ਹਨ, ਜਦ ਕਿ ਪੁਲੀਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਸਿਆਸੀ ਦਬਾਅ ਹੇਠ ਮੂਕ ਦਰਸ਼ਕ ਬਣੀ ਹੋਈ ਹੈ।
ਉਹਨਾਂ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਾਬਕਾ ਜ਼ਿਲ੍ਹਾ ਅਟਾਰਨੀ ਸ: ਨਰਿੰਦਰ ਸਿੰਘ ਕਾਹਲੋਂ ਦੇ ਹਵਾਲੇ ਨਾਲ ਦੱਸਿਆ ਕਿ ਕਲ 11:30 ਵਜੇ ਕਾਂਗਰਸੀ ਆਗੂ ਲਾਲੀ ਮਜੀਠਾ ਦੇ ਨਜਦੀਕੀ ਸਾਥੀ ਅਤੇ ਅਦਾਲਤ ਤੋਂ 302 ‘ਚ ਸਜਾ ਯਾਫ਼ਤਾ ਕੁੰਦਨ ਸਿੰਘ, ਸਾਧੂ ਸਿੰਘ, ਮੇਜਰ ਸਿੰਘ, ਬਚਿੱਤਰ ਸਿੰਘ, ਜਸਮੇਰ ਸਿੰਘ, ਹਰਦੀਪ ਵਾਸੀਆਨ ਅਬਦਾਲ ਨੇ ਕਰੀਬ 15 – 20 ਹਥਿਆਰਬੰਦ ਬੰਦਿਆਂ ਨਾਲ ਉਹਨਾਂ ਦੇ ਅਬਦਾਲ ਸਥਿਤ ਇੱਟਾਂ ਵਾਲੇ ਭੱਠੇ ਉੱਤੇ ਧਾਵਾ ਬੋਲ ਦਿੱਤਾ ਅਤੇ ਉੱਥੇ ਮੌਜੂਦ ਉਹਨਾਂ ਦੇ ਚੌਕੀਦਾਰ ਜਰਨੈਲ ਸਿੰਘ ਨੂੰ ਕੁੰਦਨ ਸਿੰਘ ਵੱਲੋਂ 315 ਰਾਈਫਲ ਦੀ ਨੋਕ ‘ਤੇ ਉੱਥੋਂ ਭਜਣ ਲਈ ਮਜਬੂਰ ਕਰ ਦਿੱਤਾ। ਉਪਰੰਤ ਉਹਨਾਂ ਨੇ ਲਾਲੀ ਮਜੀਠਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਭੱਠੇ ‘ਤੇ ਮੌਜੂਦ ਉਹਨਾਂ ਦੇ ਪੁੱਤਰ ਗੁਰਿੰਦਰ ਸਿੰਘ ਨੂੰ ਮਾਰਨ ਦੀ ਨੀਯਤ ਨਾਲ ਲਲਕਾਰੇ ਮਾਰਦਿਆਂ ਉਸ ਵਲ ਵਧੇ ਤਾਂ ਉਸ ਨੇ ਆਪਣੀ ਗੱਡੀ ਭਜਾ ਕੇ ਜਾਨ ਬਚਾਈ।ਉਪਰੰਤ ਹਮਲਾਵਰਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਉਸ ‘ਚ ਮੌਜੂਦ ਸਮਾਨ ਦੀ ਭੰਨ ਤੋੜ ਕਰਨ ਤੋਂ ਇਲਾਵਾ 44 ਹਜ਼ਾਰ ਤੋਂ ਵਧ ਦੀ ਨਕਦੀ ਲੁਟ ਲਈ।ਸ: ਨਰਿੰਦਰ ਸਿੰਘ ਨੇ ਇਸ ਮੌਕੇ ਹੋਰ ਦੱਸਿਆ ਕਿ ਉਸ ਦੇ ਪੁੱਤਰ ਨੇ ਉਸੇ ਵਕਤ ਥਾਣਾ ਕੱਥੂਨੰਗਲ ਜਾ ਕੇ ਥਾਣਾ ਮੁਖੀ ਨੂੰ ਸਾਰਾ ਵਾਕਿਆ ਦੱਸਿਆ ਤਾਂ ਐੱਸ ਐੱਚ ਓ ਨੇ ਉਸ ਨਾਲ ਪੁਲੀਸ ਪਾਰਟੀ ਭੱਠੇ ‘ਤੇ ਭੇਜ ਦਿੱਤੀ, ਜਿਨ੍ਹਾਂ ਨੇ ਉੱਥੇ ਕੁੱਝ ਹਥਿਆਰਬੰਦ ਲੋਕਾਂ ਨੂੰ ਹਥਿਆਰਾਂ ਸਮੇਤ ਫੜ ਲਏ ਅਤੇ ਕੁੱਝ ਦੌੜ ਗਏ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਮੁਖੀ ਵੀ ਮੌਕੇ ‘ਤੇ ਪਹੁੰਚਿਆ ਪਰ ਇੱਕ ਫੋਨ ਕਾਲ ਆਉਣ ‘ਤੇ ਸਿਆਸੀ ਦਬਾਅ ਤਹਿਤ ਫੜੇ ਹਮਲਾਵਰ ਛੱਡ ਦਿੱਤੇ ਗਏ ਅਤੇ ਹੁਣ ਪੜਤਾਲ ਦਾ ਬਹਾਨਾ ਬਣਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ। ਸ: ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਉਹੀ ਕੁੰਦਨ ਸਿੰਘ ਅਤੇ ਉਸ ਦੇ ਸਾਥੀ ਹਨ ਜਿਨ੍ਹਾਂ ਨੇ 2007 ਦੌਰਾਨ ਉਸੇ ਭੱਠੇ ਉੱਤੇ ਪਿੰਡ ਮੁਗੋਸੋਹੀ ਦੇ ਅਕਾਲੀ ਸਰਪੰਚ ਸ: ਜਸਬੀਰ ਸਿੰਘ ਸੋਹੀ ਦਾ ਕਤਲ ਕੀਤਾ ਸੀ ਅਤੇ ਮਾਨਯੋਗ ਸੈਸ਼ਨ ਜੱਜ ਸ: ਭੁਪਿੰਦਰ ਸਿੰਘ ਦੀ ਅਦਾਲਤ ਨੇ ਉਹਨਾਂ ਵਿਰੁੱਧ 302 ਤਹਿਤ ਬਾ ਮਸ਼ੱਕਤ ਸਜਾ ਸੁਣਾਈ ਸੀ, ਜੋ ਕਿ ਚੋਣਾਂ ਦੌਰਾਨ ਪੈਰੋਲ ਅਤੇ ਜ਼ਮਾਨਤ ‘ਤੇ ਬਾਹਰ ਆ ਕੇ ਲਾਲੀ ਮਜੀਠਾ ਲਈ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ ਲਾਲੀ ਮਜੀਠਾ ਅਤੇ ਉਸ ਦੇ ਭਰਾ ਜਤਿੰਦਰ ਸਿੰਘ ਜੀਤੂ ਤੇ ਸ਼ਿੰਦ ਨਾਲ ਚੋਣ ਰੈਲੀਆਂ ਮੌਕੇ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਅਤੇ ਖ਼ਬਰਾਂ ਅਖ਼ਬਾਰਾਂ ( ਤਸਵੀਰ ਨਾਲ ਨੱਥੀ) ਵਿੱਚ ਵੀ ਲਗਦੀਆਂ ਰਹੀਆਂ ਹਨ। ਉਹਨਾਂ ਦੱਸਿਆ ਲਾਲੀ ਨੇ ਚੋਣ ਪ੍ਰਚਾਰ ਲਈ ਰਣਜੀਤ ਸਿੰਘ ਮੀਆਂ ਪੰਧੇਰ ਵਰਗੇ ਉਹਨਾਂ ਰਾਸ਼ਟਰ ਵਿਰੋਧੀ ਤੇ ਸਮਾਜ ਵਿਰੋਧੀ ਅਪਰਾਧੀਆਂ ਦੀਆਂ ਸੇਵਾਵਾਂ ਵੀ ਲਈਆਂ ( ਤਸਵੀਰ ਨਾਲ ਨੱਥੀ) ਜਿਨ੍ਹਾਂ ਨੇ ਮੱਤੇਵਾਲ ਦੇ ਬਾਬਾ ਟਪਸੀ ਡੇਰੇ ਦੇ ਡੇਰੇਦਾਰ ਸੰਤ ਨਿਰਮਲ ਸਿੰਘ ਨੂੰ ਕਤਲ ਕਰ ਕੇ ਉਸ ਦੀ ਲਾਸ਼ ਖ਼ੁਰਦ-ਬੁਰਦ ਕਰਦਿਤੀ, ਜਿਨ੍ਹਾਂ ਖ਼ਿਲਾਫ਼ 302 ਦਾ ਪਰਚਾ ਥਾਣਾ ਕੱਥੂਨੰਗਲ ਵਿਖੇ ਦਰਜ ਹੈ। ਉਹਨਾਂ ਦੱਸਿਆ ਕਿ ਰੰਜਸ਼ ਤੇ ਖੁੰਧਕ ਦੀ ਵਜਾ ਉਹਨਾਂ ਵੱਲੋਂ ਭੱਠੇ ਉੱਤੇ ਚੋਣਾਂ ਦੌਰਾਨ ਸ: ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੈਨਰ ਪੋਸਟਰ ਲਾਉਣ ਨਾਲ ਹੈ। ਜੋ ਕਿ ਨਹੀਂ ਚਾਹੁੰਦੇ ਕਿ ਉਹ ਸ: ਮਜੀਠੀਆ ਦੀ ਹਮਾਇਤ ਕਰਨ।ਉਹਨਾਂ ਸਬਕ ਸਿਖਾਉਣ ਦੀਆਂ ਕਈ ਵਾਰ ਧਮਕੀਆਂ ਦਿੱਤਿਆਂ। ਇਸ ਮੌਕੇ ਸਵ: ਸ: ਜਸਬੀਰ ਸਿੰਘ ਸੋਹੀ ਦੀ ਵਿਧਵਾ ਸ੍ਰੀਮਤੀ ਦਲਬੀਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਅੱਜ ਵੀ ਰਾਜ਼ੀਨਾਮੇ ਲਈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਸ: ਮਜੀਠੀਆ ਨੇ ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਅਪਰਾਧੀਆਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਕਾਂਗਰਸੀ ਆਗੂਆਂ ਉੱਤੇ ਸ਼ਿਕੰਜਾ ਕਸਣ ਲਈ ਕਿਹਾ। ਉਹਨਾਂ ਕਿਹਾ ਕਿ ਗਲਤ ਅਨਸਰਾਂ ਨੂੰ ਹੁਣ ਤੋਂ ਰੋਕਿਆ ਨਾ ਗਿਆ ਤਾਂ ਪੰਜਾਬ ‘ਚ ਭਾਈਚਾਰਕ ਸਾਂਝ ਨੂੰ ਖਤਰਾ ਪੈਦਾ ਹੋ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ‘ਤੇ ਅੱਤਿਆਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦੇ ਹੱਕ ਅਤੇ ਇਨਸਾਫ਼ ਲਈ ਹਰ ਮੁਹਾਜ਼ ‘ਤੇ ਲੜਾਈ ਲੜੀ ਜਾਵੇਗੀ ਜਿਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।

