ਪੰਜਾਬੀ ‘ਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਵਿਭਾਗ ‘ਚ ਵਿਸ਼ਵ ਰੰਗਮੰਚ ਦਿਵਸ ਮਨਾਇਆ
ਪਟਿਆਲਾ, 27 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਲੋਂ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ।
ਸਵੇਰ ਦੇ ਸੈਸ਼ਨ ਨਾਟ-ਪਾਠ ਅਤੇ ਵਿਚਾਰ ਚਰਚਾ ਵਿਚ ਸਭ ਤੋਂ ਪਹਿਲਾਂ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ੍ਰੀਮਤੀ ਨਮਰਤਾ ਸ਼ਰਮਾ ਦੁਆਰਾ ਵਿਸ਼ਵ ਰੰਗਮੰਚ ਦਿਵਸ ਸੰਦੇਸ਼ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਵੇਰ ਦਾ ਸੈਸ਼ਨ ਵਿਭਾਗ ਦੇ ਸਥਾਪਤੀ ਮੰਤਵ ਨੂੰ ਧਿਆਨ ਵਿਚ ਰੱਖ ਕੇ ਵਿਉਂਤਿਆ ਗਿਆ ਹੈ।
ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਇਸ ਦਿਵਸ ਦੀ ਤਰਜ ‘ਤੇ ਪੰਜਾਬੀ ਰੰਗਮੰਚ ਦਿਵਸ ਵੀ ਮਨਾਇਆ ਜਾਣਾ ਚਾਹੀਦਾ ਹੈ। ਇਸ ਉਪਰੰਤ ਸ੍ਰੀ ਦਵਿੰਦਰ ਦਮਨ ਨੇ ਆਪਣੇ ਨਵੇਂ ਨਾਟਕ ‘ਬੰਦਾ ਬਹਾਦੁਰ’ ਦਾ ਨਾਟ ਪਾਠ ਕੀਤਾ। ਇਸ ਵਿਚ ਉਨ੍ਹਾਂ ਦਾ ਸਾਥ ਨੌਜਵਾਨ ਨਾਟਕਕਾਰ ਡਾ. ਗੁਰਪ੍ਰੀਤ ਸਿੰਘ ਰਟੋਲ ਨੇ ਦਿੱਤਾ। ਨਾਟ ਪਾਠ ਉਪਰੰਤ ਇਕ ਘੰਟੇ ਦੇ ਵਿਚਾਰ ਚਰਚਾ ਸੈਸ਼ਨ ਵਿਚ ਵਿਦਿਆਰਥੀਆਂ ਨੇ ਨਾਟਕ ਸਬੰਧੀ ਅਤੇ ਨਾਟਕਕਾਰ ਦੇ ਹੋਰ ਨਾਟਕਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸੈਸ਼ਨ ਵਿਚ ਡਾ. ਸੁਨੀਤਾ ਧੀਰ, ਡਾ. ਗੁਰਚਰਨ ਸਿੰਘ, ਡਾ. ਸਰੋਜ ਰਾਣੀ, ਡਾ. ਵਰਿੰਦਰ ਕੌਰ, ਡਾ. ਅੰਬਾਲਿਕਾ ਸੂਦ ਜੈਕਬ, ਸ੍ਰੀ ਜਗਦੀਸ਼ ਗਰਚਾ, ਸ੍ਰੀਮਤੀ ਜਸਵੰਤ ਦਮਨ ਅਤੇ ਪ੍ਰੋਫੈਸਰ ਕਿਰਪਾਲ ਕਜ਼ਾਕ ਨੇ ਸ਼ਿਰਕਤ ਕੀਤੀ। ਇਸ ਸੈਸ਼ਨ ਵਿਚ ਸ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਵੀ ਸ਼ਿਰਕਤ ਕੀਤੀ।
ਇਸੇ ਲੜੀ ਦੇ ਤਹਿਤ ਸ਼ਾਮ ਦੇ ਸੈਸ਼ਨ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੁਆਰਾ ਕਸ਼ਮੀਰ ਸਮੱਸਿਆ ‘ਤੇ ਆਧਾਰਿਤ ਨਾਟਕ ‘ਫਿਰਦੌਸ’ ਦਾ ਕਲਾ ਭਵਨ ਆਡੀਟੋਰੀਅਮ ਵਿਖੇ ਮੰਚਨ ਕੀਤਾ ਗਿਆ। ਇਹ ਨਾਟਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਅਤੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਖੇਡਿਆ ਗਿਆ ਸੀ। ਇਸ ਉਪਰੰਤ ਇਸ ਨੂੰ ਵੱਡੇ ਨਾਟਕ ਦੇ ਰੂਪ ਵਿਚ ਵਿਉਂਤਿਆ ਗਿਆ। ਇਹ ਨਾਟਕ ਕਸ਼ਮੀਰ ਦੀ ਸਮੱਸਿਆ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਦਰਸ਼ਕ ਅੱਗੇ ਪੇਸ਼ ਕਰਦਾ ਹੈ। ਇਸ ਲਈ ਨਾਟਕਕਾਰ ਪ੍ਰੋਫੈਸਰ ਦਵਿੰਦਰ ਸਿੰਘ ਅਤੇ ਨਿਰਦੇਸ਼ਕ ਇਮੈਨੂਅਲ ਸਿੰਘ ਵਧਾਈ ਦੇ ਪਾਤਰ ਹਨ। ਇਸ ਮੌਕੇ ‘ਤੇ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਉਲ ਨੇ ਕਿਹਾ ਕਿ ਅਗਾਂਹ ਤੋਂ ਵਿਸ਼ਵ ਰੰਗਮੰਚ ਦਿਵਸ ਉੱਤੇ ਵਿਭਾਗ ਬਹੁਪੱਖੀ ਗਤੀਵਿਧੀਆਂ ਉਲੀਕਿਆ ਕਰੇਗਾ।

