ਪੰਜਾਬ

ਸੁਖਬੀਰ ਅੱਜ ਬਰਸੀ ਮਨਾਉਣ ਦਾ ਡਰਾਮਾ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦਾ : ਹਰਿੰਦਰਪਾਲ ਟੋਹੜਾ

ਸੁਖਬੀਰ ਦੱਸਣ ਬਤੌਰ ਪਾਰਟੀ ਪ੍ਰਧਾਨ ਕਿੰਨੀ ਵਾਰ ਪਿੰਡ ਟੋਹੜਾ ‘ਚ ਜਥੇਦਾਰ ਟੌਹੜਾ ਦੀ ਬਰਸੀ ‘ਚ ਆਏ
ਜੇ ਸੁਖਬੀਰ ਨੂੰ ਜਥੇਦਾਰ ਟੌਹੜਾ ਦੀ ਸੋਚ ਪ੍ਰਤੀ ਇੰਨਾ ਹੀ ਪਿਆਰ ਹੈ ਤਾਂ ਉਹ ਆਪਣੇ ਨੇਤਾਵਾਂ ਨਾਲ ਟੌਹੜਾ ਪਿੰਡ ‘ਚ ਸ਼ਾਮਲ ਹੋਵੇ
ਪਟਿਆਲਾ, 31 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਹਰਿੰਦਰਪਾਲ ਸਿੰਘ ਟੌਹੜਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜ੍ਹੇ ਹੱਥੀ ਲੈਂਦਿਆਂ ਆਖਿਆ ਹੈ ਕਿ ਹਮੇਸ਼ਾਂ ਹੀ ਜਥੇਦਾਰ ਟੌਹੜਾ ਦੀ ਪੰਥਕ ਸੋਚ ਅਤੇ ਟੌਹੜਾ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਰਚਣ ਵਾਲਾ ਸੁਖਬੀਰ ਬਾਦਲ ਇਹ ਦੱਸੇ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਪਿੰਡ ਟੋਹੜਾ ‘ਚ ਹਰ ਸਾਲ ਟੌਹੜਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਕਿੰਨੀ ਵਾਰ ਆਇਆ ਹੈ ਤਾਂ ਜੋ ਸਮੁੱਚੀ ਦੁਨੀਆ ਨੂੰ ਸ. ਸੁਖਬੀਰ ਬਾਦਲ ਦੀ ਟੌਹੜਾ ਸਾਹਿਬ ਪ੍ਰਤੀ ਸੋਚ ਦੀ ਅਸਲੀਅਤ ਪਤਾ ਲੱਗ ਸਕੇ।

ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਜਥੇਦਾਰ ਟੌਹੜਾ ਦੇ ਜਾਣ ਤੋਂ ਬਾਅਦ ਉਸ ਵੇਲੇ ਦੀ ਸਰਕਾਰ ਨੇ ਪਿੰਡ ਟੌਹੜਾ ‘ਚ ਰਾਜ ਪੱਧਰੀ ਸਮਾਗਮ ਜਥੇਦਾਰ ਟੋਹੜਾ ਦੀ ਯਾਦ ਵਿੱਚ ਕਰਨੇਂ ਸ਼ੁਰੂ ਕਰ ਦਿੱਤੇ ਸਨ ਤੇ ਉਸ ਤੋਂ ਬਾਅਦ ਅਕਾਲੀ ਦਲ ਦੀਆਂ ਦੋਵੇਂ ਸਰਕਾਰਾਂ ਵਿੱਚ ਇਹ ਰੀਤ ਜ਼ਾਰੀ ਰਹੀ ਤੇ ਅੱਜ ਵੀ ਬਦਲਵੀਂ ਸਰਕਾਰ ਨੇ ਜਥੇਦਾਰ ਟੌਹੜਾ ਸਮਾਗਮ ਨੂੰ ਰਾਜ ਪੱਧਰੀ ਤੌਰ ‘ਤੇ ਮਨਾਉਣ ਦਾ ਫੈਸਲਾ ਲਿਆ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਹੈਰਾਨੀ ਹੈ ਕਿ ਜਥੇਦਾਰ ਟੌਹੜਾ ਦੀ ਸੋਚ ਤਿਆਗਣ ਕਾਰਨ ਅੱਜ ਸੱਤਾ ਤੋਂ ਬਾਹਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਵਿੱਚ ਹੀ ਜਥੇਦਾਰ ਟੋਹੜਾ ਦੀ ਬਰਸੀ ਮਨਾ ਕੇ ਡਰਾਮੇਬਾਜ਼ੀ ਕਰ ਰਿਹਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਸੁਖਬੀਰ ਬਾਦਲ ਨੂੰ ਜਥੇਦਾਰ ਟੌਹੜਾ ਦੀ ਸੋਚ ਪ੍ਰਤੀ ਇੰਨਾ ਹੀ ਪਿਆਰ ਹੈ ਤਾਂ ਉਹ ਆਪਣੇ ਨੇਤਾਵਾਂ ਨਾਲ ਟੌਹੜਾ ਪਿੰਡ ‘ਚ ਸ਼ਾਮਲ ਹੋਵੇ ਤਾਂ ਜੋ ਲੋਕਾਂ ਨੂੰ ਅਸਲੀਅਤ ਪਤਾ ਲੱਗ ਸਕੇ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਸ. ਸੁਖਬੀਰ ਸਿੰਘ ਬਾਦਲ ਪਿਛਲੇ 10 ਸਾਲਾਂ ਵਿੱਚ ਹਰ ਸਾਲ ਜਥੇਦਾਰ ਟੋਹੜਾ ਦੀ ਬਰਸੀ ‘ਤੇ ਪਿੰਡ ਟੋਹੜਾ ਵਿਖੇ 2 ਜਾਂ 3 ਵਾਰ ਵੀ ਆਏ, ਜਿਸ ਤੋਂ ਉਨ੍ਹਾਂ ਦੀ ਪੰਥਕ ਸੋਚ ਦਾ ਪਤਾ ਲੱਗ ਜਾਂਦਾ ਹੈ ਤੇ ਅੱਜ ਜਾਣਬੁੱਝ ਕੇ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਹੀ ਉਸੇ ਤਰੀਕ ਨੂੰ ਜਥੇਦਾਰ ਟੌਹੜਾ ਦੀ ਬਰਸੀ ਮਨਾਉਣਾ ਇਹ ਸਾਬਿਤ ਕਰਦਾ ਹੈ ਕਿ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਹਾਰ ਚੁੱਕਾ ਹੈ ਤੇ ਆਪਣਾ ਬਚਾਅ ਕਰਨ ਲਈ ਇਕ ਵਾਰ ਫਿਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਨਾਮ ਦਾ ਲਾਹਾ ਲੈਣਾ ਚਾਹੁੰਦਾ ਹੈ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਅਕਾਲੀ ਦਲ ਦੱਸੇ ਕਿ ਉਸ ਨੇ ਪਿੰਡ ਟੌਹੜਾ ਵਿਖੇ ਜਾਂ ਹੋਰ ਥਾਵਾਂ ‘ਤੇ ਜਥੇਦਾਰ ਟੋਹੜਾ ਦੀ ਯਾਦ ਨੂੰ ਕਾਇਮ ਰੱਖਣ ਲਈ ਕੀਤੇ ਵਾਅਦੇ ਕਿੰਨੇ ਕੁ ਪੂਰੇ ਕੀਤੇ? ਉਨ੍ਹਾਂ ਆਖਿਆ ਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਕੁੱਝ ਨੇਤਾਵਾਂ ਨੇ ਇਹ ਪ੍ਰਚਾਰ ਕੀਤਾ ਸੀ ਕਿ ਜਥੇਦਾਰ ਟੋਹੜਾ ਦਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸੋਚ ਦਾ ਕੋਈ ਆਧਾਰ ਨਹੀਂ ਰਿਹਾ ਤੇ ਇਹੀ ਕਾਰਨ ਸੀ ਕਿ ਟੋਹੜਾ ਪਰਿਵਾਰ ਨੂੰ ਦਿੱਤੀ ਜਾਂਦੀ ਸਿਰਫ ਇਕ ਟਿਕਟ ਵੀ ਅਕਾਲੀ ਦਲ ਨੇ ਕੱਟ ਦਿੱਤੀ ਤੇ ਅੱਜ ਜਦੋਂ ਟੌਹੜਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਜਾ ਕੇ ਜਥੇਦਾਰ ਟੌਹੜਾ ਦੀ ਸੋਚ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਵੇਲੇ ਅਕਾਲੀ ਦਲ ਨੂੰ ਜਥੇਦਾਰ ਟੋਹੜਾ ਯਾਦ ਆ ਗਏ।
ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਸਮੁੱਚੇ ਦੇਸ਼ ਅਤੇ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਤੇ ਜਥੇਦਾਰ ਟੋਹੜਾ ਵਰਗੀਆਂ ਸਖਸ਼ੀਅਤਾਂ ਨੂੰ ਭੁਲਾ ਦੇਣ ਕਾਰਨ ਹੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਤੀਜੇ ਨੰਬਰ ‘ਤੇ ਪਹੁੰਚਾ ਦਿੱਤਾ ਹੈ ਤੇ ਹੁਣ ਅਕਾਲੀ ਦਲ ਆਪਣੀ ਬਚੀ-ਖੁਚੀ ਸ਼ਾਖ ਬਚਾਉਣ ਲਈ ਇਹੋ ਜਿਹੀ ਡਰਾਮੇਬਾਜ਼ੀ ਕਰ ਰਿਹਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੀ ਵੀ ਪ੍ਰਵਾਨ ਨਹੀਂ ਕਰਨਗੇਂ। ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਅਸੀਂ ਕਿਸੀ ਵੀ ਸਰਕਾਰ ਕੋਲ ਰਾਜ ਪੱਧਰੀ ਸਮਾਗਮ ਕਰਵਾਉਣ ਲਈ ਪਹੁੰਚ ਨਹੀਂ ਕੀਤੀ ਪਰ ਇਸ ਵੇਲੇ ਦੀ ਸਰਕਾਰ ਨੇ ਵੀ ਜਥੇਦਾਰ ਟੋਹੜਾ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ ਹੈ ਤੇ ਅਸੀਂ ਸਮੂੰਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਟੌਹੜਾ ਵਿਖੇ 1 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਹੁੰਚ ਕੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀਆਂ ਅਰਪਣ ਕੀਤੀਆਂ ਜਾਣ।

Leave a Reply

Your email address will not be published. Required fields are marked *