ਜਥੇਦਾਰ ਟੌਹੜਾ ਨੇ ਬਿਨ੍ਹਾਂ ਸਵਾਰਥ ਲੋਕਾਂ ਦੀ ਭਲਾਈ ਲਈ ਰਾਜਨੀਤੀ ਦਾ ਰਾਹ ਅਖ਼ਤਿਆਰ ਕੀਤਾ : ਪੰਜੋਲੀ
ਪੰਜੋਲੀ ਕਲਾਂ ਦੇ ਵਾਲੀਬਾਲ ਟੂਰਨਾਮੈਂਟ ‘ਚ ਮਨਸੂਰਪੁਰ ਪਹਿਲੇ ਤੇ ਅਲੂਣਾ ਦੂਜੇ ਸਥਾਨ ‘ਤੇ
ਫਤਹਿਗੜ੍ਹ ਸਾਹਿਬ 1 ਅਪ੍ਰੈਲ (ਮਧੂਸਾਰ ਬਿਊਰੋ)
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਪਿੰਡ ਪੰਜੋਲੀ ਕਲਾਂ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪਿੰਡ ਪੰਜੋਲੀ ਕਲਾਂ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਤੇਰਵੀਂ ਬਰਸੀ ਮੌਕੇ ਬੀਤੀ ਸ਼ਾਮ ਨੂੰ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ, ਜਿਸ ਵਿਚ ਨੋਜਵਾਨਾਂ,ਖਿਡਾਰੀਆਂ ਵਲੋਂ ਭਾਰੀ ਉਤਸ਼ਾਹ ਵਖਾਉਂਦਿਆ ਇਲਾਕੇ ਭਰ ਤੇ ਦੂਰ ਦਰਾਡੇ ਦੀਆਂ ਦੋ ਦਰਜਨ ਟੀਮਾਂ ਨੇ ਭਾਗ ਲਿਆ।
ਟੂਰਨਾਮੈਂਟ ਵਿਚ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਮਨਸੂਰਪੁਰ, ਅਲੂਣਾ ਤੇ ਰਣਬੀਰਪੁਰਾ ਨੇ ਪ੍ਰਾਪਤ ਕੀਤਾ। ਇਸ ਵਿਚ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ,ਟਰਾਫੀਆਂ ਤੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਇਨਾਮ 11000,7100 ਤੇ 5100 ਦਿਤੇ ਗਏ।
ਟੂਰਨਾਮੈਂਟ ਵਿਚ ਮੁਖ ਮਹਿਮਾਨ ਵਜੋ ਫਤਹਿਗੜ੍ਹ ਸਾਹਿਬ ਦੇ ਡੀ.ਐਸ.ਪੀ ਗੁਰਦੇਵ ਸਿੰਘ ਧਾਲੀਵਾਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆ ਵੱਡੀ ਗਿਣਤੀ ਵਿਚ ਹਾਜ਼ਰ ਨੋਜਵਾਨਾਂ ਨੂੰ ਸੁਬੋਧਨ ਹੁੰਦਿਆ ਕਿਹਾ ਕਿ ਖੇਡਾਂ ਨਾਲ ਜੁੜਨਾਂ ਸਮੇ ਦੀ ਵੱਡੀ ਲੋੜ ਹੈ ਕਿਉਂਕਿ ਇੰਟਰਨੈਟ ਦੇ ਯੁੱਗ ਅੰਦਰ ਹੱਥੀ ਕੰਮ ਕਰਨਾ ਸਾਡੇ ਨੋਜਵਾਨ ਵਿਸਾਰ ਰਹੇ ਹਨ ਜਿਸ ਕਰਕੇ ਸਰੀਰਕ ਤੰਦਰੁਸਤੀ ਲਈ ਖੇਡਾਂ ਬਹੁਤ ਜ਼ਰੂਰੀ ਹਿੱਸਾ ਹਨ।
ਹਾਜ਼ਰ ਦਰਸ਼ਕਾਂ ਤੇ ਖਿਡਾਰੀਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਮਨੋਰਥ ਨਾਲ ਬੋਲਦਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਜੋਕੇ ਦੌਰ ਦੇ ਆਖਰੀ ਦਰਵੇਸ਼ ਟਕਸਾਲੀ ਆਗੂ ਹੋ ਨਿਬੜੇ ਹਨ ਜਿਨ੍ਹਾਂ ਨੇ ਬਿਨ੍ਹਾਂ ਸਵਾਰਥ ਲੋਕਾਂ ਦੀ ਭਲਾਈ ਲਈ ਰਾਜਨੀਤੀ ਦਾ ਰਾਹ ਅਖ਼ਤਿਆਰ ਕੀਤਾ ਸੀ।ਪਰ ਅਫ਼ਸੋਸ ਹੁਣ ਰਾਜਨੀਤੀ ਵਪਾਰ ਦੇ ਇਕ ਸਾਧਨ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ ਜਿਸ ਦੇ ਨਤੀਜੇ ਵਜੋ ਅਸਲ ਵਰਕਰਾਂ ਦਾ ਸੁਰਖ਼ਰੂ ਹੋਣਾ ਸੁਭਾਵਿਕ ਹੈ।
ਇਨ੍ਹਾਂ 4 ਰੋਜ਼ਾ ਸਮਾਗਮਾਂ ਦੇ ਕੋਆਰਡੀਨੇਟਰ ਜਗਜੀਤ ਸਿੰਘ ਪੰਜੋਲੀ ਨੇ ਟੂਰਨਾਮੈਂਟ ਨੂੰ ਇਕ ਯਾਦਗਾਰੀ ਟੂਰਨਾਮੈਂਟ ਐਲਾਨਦਿਆ ਭਵਿੱਖ ਵਿਚ ਨੋਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਜਾਂ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਸਮੇ-ਸਮੇ ਤੇ ਅਜਿਹੇ ਪ੍ਰੋਗਰਾਮ ਉਲਕੀਦੇ ਰਹਿਣਗੇ ਜਿਨ੍ਹਾਂ ਨਾਲ ਨੋਜਵਾਨਾਂ ਵਿਚ ਇਕ ਅਲੋਕਿਕ ਚਿਣਗ ਪੈਦਾ ਹੋਵੇਗੀ।ਉਨ੍ਹਾਂ ਦੱਸਿਆ ਗੁਰੁ ਨਾਨਕ ਨੈਸ਼ਨਲ ਕਾਲਜ ਬੁਡਲਾਢਾ ਅਤੇ ਖ਼ਾਲਸਾ ਕਾਲਜ ਪਟਿਆਲਾ ਦੀਆਂ ਕੁੜੀਆਂ ਦੇ ਵਿਸ਼ੇਸ਼ ਮੈਚ ਸ਼ੋਅ ਮੈਚ ਵੀ ਕਰਵਾਏ ਗਏ ਜੋ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ ਜਿਸ ਵਿਚ ਵੀ ਜੇਤੂ ਟੀਮ ਨੂੰ 5100 ਰੁਪਏ ਇਮਾਨ ਤੇ ਸਨਮਾਨ ਚਿੰਨ੍ਹ ਦਿਤਾ ਗਿਆ।ਇਸ ਮੈਚ ਦੀ ਰੈਫਰੀ ਫਿਜੀਕਲ ਕਾਲਜ ਪਟਿਆਲਾ ਦੇ ਵਿਦਿਆਰਥੀ ਜੈ ਕੁਮਾਰ (ਹਰਿਆਣਾ), ਅਮੀਰ ਹਸ਼ਨ ਖ਼ਾਨ (ਜੰਮੂ ਕਸ਼ਮੀਰ) ਤੇ ਨਿਰਮਲ ਸਿੰਘ ਪੰਜੋਲਾ ਨੇ ਤਨਦੇਹੀ ਨਾਲ ਨਿਭਾਈ।ਇਸ ਟੂਰਨਾਮੈਂਟ ਵਿਚ ਸਕੋਰਰ ਦੀ ਸੇਵਾ ਹੈੱਡਬਾਲ ਦੇ ਕੋਚ ਕੁਲਵਿੰਦਰ ਸਿੰਘ ਸਨੋਰ ਨੇ ਕੀਤੀ।ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਨ.ਐਸ.ਐਸ ਵਲੰਟੀਅਰਾਂ ਦੀ 30 ਮੈਂਬਰੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਸਨਮਾਨ ਵਜੋ 2 ਰੋਜ਼ਾ ਕੈਂਪ ਦੇ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਜਤਿੰਦਰ ਸਿੰਘ ਲਾਡੀ,ਗਿਆਨ ਸਿੰਘ ਧਾਲੀਵਾਲ,ਮੁੱਖ ਪ੍ਰਬੰਧਕ ਮਾਸਟਰ ਚਰਨ ਸਿੰਘ, ,ਸੁਖਦੇਵ ਸਿੰਘ,ਜੋਧ ਸਿੰਘ,ਸਵਰਨ ਸਿੰਘ,ਸਮਸ਼ੇਰ ਸਿੰਘ,ਲਵਪ੍ਰੀਤ ਸਿੰਘ ਪੰਜੋਲੀ,ਮਨਪ੍ਰੀਤ ਸਿੰਘ ਬਾਠ,ਲਖਵੀਰ ਧਾਲੀਵਾਲ,ਲਾਡੀ ਗਿੱਲ,ਕਰਮ ਸਿੰਘ ਫੌਜ਼ੀ,ਪਰਵਿੰਦਰ ਸਿੰਘ ਧੀਮਾਨ,ਐਸ਼ ਬਹਾਦਰ,ਹਰਿੰਦਰ ਸਿੰਘ ਗੋਲਡੀ,ਗੁਰਦਰਸ਼ਨ ਸਿੰਘ,ਅਮਨਪ੍ਰੀਤ ਸਿੰਘ ਅਮਨਾ,ਹਰਿੰਦਰ ਸਿੰਘ ਗੋਲਡੀ,ਹਰਵਿੰਦਰ ਚੀਮਾ,ਸੁਖਮਨਪ੍ਰੀਤ ਸਿੰਘ,ਵਰਿੰਦਰ ਸਿੰਘ ਧਾਲੀਵਾਲ ਤੇ ਨਵ ਪੰਜੋਲੀ ਆਦਿ ਹਾਜ਼ਰ ਸਨ।।

