ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ ਨੂੰ ਲੈ ਕੇ ਵਿਵਾਦ ਖਤਮ
ਟਰੱਕ ਓਪਰੇਟਰ ਅੱਜ ਤੋਂ ਸ਼ੁਰੂ ਕਰਨਗੇ ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ
ਯੂਨੀਅਨ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ
ਪਟਿਆਲਾ, 12 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ ਹੈ। ਪਟਿਆਲਾ ਟਰੱਕ ਓਪਰੇਟਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਕਰ ਦੇਣਗੇ।
ਜ਼ਿਲੇ ਵਿਚ ਕਣਕ ਦੀ ਖਰੀਦ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ ਪੰ੍ਰਤੂ ਟਰੱਕ ਓਪਰੇਟਰਾਂ ਵਲੋਂ ਆਪਣੀਆਂ ਮੰਗਾਂ ਦੇ ਚਲਦਿਆਂ ਲਿਫਟਿੰਗ ਨਾ ਕਰਨ ਦੇ ਚਲਦਿਆਂ ਹਾਲੇ ਤੱਕ ਮੰਡੀਆਂ ‘ਚੋਂ ਕਣਕ ਨਹੀਂ ਚੁੱਕੀ ਗਈ ਸੀ। ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ ਲਈ ਗੁਰੂ ਤੇਗ ਬਹਾਦਰ ਟਰੱਕ ਓਪਰੇਟਰ ਯੂਨੀਅਨ ਪਟਿਆਲਾ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੇ ਨਾਲ ਮੀਟਿੰਗ ਕੀਤੀ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਅਕਾਲੀ ਲਿਫਟਿੰਗ ਨਾ ਹੋਣ ਦਾ ਬਿਨਾਂ ਕਾਰਨ ਢਿੰਡੋਰਾ ਪਿਟ ਰਹੇ ਹਨ ਜੋ ਨਿਰਾ ਝੂਠ ਹੈ। ਸਮੁੱਚੀ ਟਰੱਕ ਓਪਰੇਟਰ ਯੂਨੀਅਨ ਮੰਡੀਆਂ ‘ਚੋਂ ਲਿਫਟਿੰਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਨੀਟਾ ਨੇ ਦੱਸਿਆ ਕਿ ਅੱਜ ਤੋਂ ਮੰਡੀਆਂ ‘ਚੋਂ ਲਿਫਟਿੰਗ ਕਰਨ ਲਈ ਟਰੱਕ ਭੇਜ ਦਿੱਤੇ ਜਾਣਗੇ ਤਾਂ ਕਿ ਲਿਫਟਿੰਗ ਦੇ ਕੰਮ ਵਿਚ ਕੋਈ ਪ੍ਰੇਸ਼ਾਨੀ ਪੇਸ਼ ਨਾ ਹੋਵੇ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਸਮੁੱਚੀਆਂ ਮੰਗਾਂ ਮੰਨਣ ਦਾ ਵਿਸ਼ਵਾਸ ਦਿੱਤਾ ਹੈ, ਜਿਸ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ ਕਿ ਵੀਰਵਾਰ ਤੋਂ ਟਰੱਕ ਅਪ੍ਰੇਟਰ ਲਿਫਟਿੰਗ ਸ਼ੁਰੂ ਕਰ ਦੇਣਗੇ ਤਾਂ ਕਿ ਕਿਸਾਨਾਂ ਨੂੰ ਸਮੱਸਿਆ ਨਾ ਆਵੇ।

