ਪੰਜਾਬਪਟਿਆਲਾ

ਮਹਿੰਦਰਾ ਕਾਲਜ ‘ਚ ਵਿਦਿਆਰਥੀਆਂ ਨੇ ਕੇਂਦਰ ਤੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਪਟਿਆਲਾ 12 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ ਅਤੇ ਫੀਸਾਂ ਦੇ ਵਾਧੇ ਖਿਲਾਫ ਪੁਤਲਾ ਫੂਕ ਰੋਸ ਪ੍ਰਦਰਸ਼ਨਾ ਦੀ ਲੜੀ ਤਹਿਤ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਸਰਕਾਰ, ਕੇਂਦਰ ਸਰਕਾਰ, ਪੁਲੀਸ ਪ੍ਰਸ਼ਾਸ਼ਨ ਦਾ ਪੁੱਤਲਾ ਫੂਕਿਆ ਗਿਆ।

ਜਿਲਾ ਆਗੂ ਰਵੀ ਰਸੂਲਪੁਰ ਅਤੇ ਹਰਦੀਪ ਢੱਡਰੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਮੇਂ ਦ ਹਾਕਮ ਨਿਜੀਕਰਨ ਦੀਆਂ ਨੀਤੀਆਂ ਤਹਿਤ ਸਿੱਖਿਆ ਦਾ ਨਿਜੀਕਰਨ ਕਰਕੇ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ ਅਤੇ ਉੱਥੇ ਸਿੱਖਿਆ ਨੂੰ ਮੰਡੀ ਦੀ ਵਸਤੂ ਬਣਾ ਕੇ ਫੀਸਾਂ ਦਾ ਅਥਾਹ ਵਾਧਾ ਕੀਤਾ ਜਾ ਰਿਹਾ ਹੈ ਅਤੇ ਜਦੋਂ ਵਿਦਿਆਰਥੀ ਇਸ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਕੇ ਫੀਸਾਂ ਦੇ ਵਾਧੇ ਖਿਲਾਫ ਬੋਲਦੇ ਹਨ ਉਸ ਸਮੇਂ ਦੇਸ਼ ਦੇ ਹਾਕਮ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਸਹਿ ਨਾਲ ਪੁਲਿਸ ਦੁਆਰਾ ਵਿਦਿਆਰਥੀਆਂ ਉਪਰ ਸੰਗੀਨ ਧਾਰਾਵਾਂ ਤਹਿਤ ਇਰਾਦਾ ਕਤਲ ਤੇ ਦੇਸ਼ ਧਰੋਹ ਵਰਗੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਡੱਕ ਕੇ ਹੱਕੀ ਅਵਾਜ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਜਿਲਾ ਆਗੂ ਰਣਦੀਪ ਰਸੂਲਪੁਰ ਤੇ ਸੁੰਨਦਾ ਅਮਰਗੜ੍ਹ ਨੇ ਮੰਗ ਕਰਦਿਆ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਕੀਤਾ ਫੀਸਾਂ ਦਾ ਵਾਧਾ ਵਾਪਸ ਲਿਆ ਜਾਵੇ, ਗ੍ਰਿਫਤਾਰ ਕੀਤੇ ਵਿਦਿਆਰਥੀਆਂ ਤੇ ਪਾਏ ਝੂਠੇ ਕੇਸ ਰੱਦ ਕਰਦੇ ਹੋਏ ਬਿਨਾਂ ਸ਼ਰਤ ਰਿਹਾ ਕੀਤੇ ਜਾਣ, ਦੋਸ਼ੀ ਪੁਲੀਸ ਅਧਿਕਾਰੀਆਂ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਰੁੱਧ ਕਾਰਵਾਈ ਕੀਤੀ ਜਾਵੇ। ਵਿਦਿਆਰਥੀ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਵਿਦਿਆਰਥੀ ਪੀ.ਐਸ.ਯੂ. ਦੀ ਅਗਵਾਈ ਹੇਠ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਇਸਦੇ ਜੋ ਵੀ ਸਿੱਟੇ ਹੋਣਗੇ ਉਸ ਲਈ ਦੇਸ਼ ਦੇ ਹਾਕਮ ਜਿੰਮੇਵਾਰ ਹੋਣਗੇ। ਇਸ ਮੌਕੇ ਗੁਰਵਿੰਦਰ ਭੱਟੀਆ, ਸਿਮਰਨ, ਗਗਨ ਅਮਰਗੜ੍ਹ, ਗੁਰਵਿੰਦਰ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *