ਪਟਿਆਲਾ

ਫ਼ਰਾਰ ਮੁਲਜ਼ਮ ਦਾ ਹਥਿਆਰ ਜਮਾਂ ਕਰਵਾਉਣ ਅਤੇ ਜਾਨ ਦੀ ਹਿਫ਼ਾਜ਼ਤ ਲਈ ਪੁਲਿਸ ਕੋਲ ਗੁਹਾਰ

ਪੁਲੀਸ ਉੱਪਰ ਸਹੀ ਧਾਰਾਵਾਂ ਨਾ ਲਾਉਣ ਤੇ ਡਾਕਟਰਾਂ ਵੱਲੋਂ ਜ਼ਬਰਦਸਤੀ ਛੁੱਟੀ ਕਰਨ ਦੇ ਦੋਸ਼
ਦਸ ਦਿਨ ਬੀਤ ਜਾਣ ‘ਤੇ ਵੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ
ਫਤਹਿਗੜ੍ਹ ਸਾਹਿਬ, 15 ਅਪਰੈਲ (ਮਧੂਸਾਰ ਬਿਊਰੋ)
ਜ਼ਿਲ੍ਹੇ ਦੇ ਪਿੰਡ ਕਾਲ਼ੇ ਮਾਜਰਾ ਵਸਨੀਕ ਹਰਜੀਤ ਕੌਰ ਪਤਨੀ ਸੁਦਾਗਰ ਸਿੰਘ ਨੇ ਪਿੰਡ ਵਾਸੀਆਂ ਦੇ ਇਕ ਵਫ਼ਦ ਨਾਲ ਮਿਲ ਕੇ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੂੰ ਇਕ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਹੈ ਕਿ ਪਿੰਡ ਹਵਾਰਾ ਕਲਾਂ ਦੇ ਮੈਂਬਰ ਪੰਚਾਇਤ ਰਣਜੀਤ ਸਿੰਘ ਉਰਫ਼ ਰਾਣਾ ਜਿਸ ਖ਼ਿਲਾਫ਼ ਉਨ੍ਹਾਂ ਨੇ ਐਫਆਰਆਈ ਦਰਜ ਕਰਵਾਈ ਹੈ, ਦਾ ਲਾਇਸੰਸੀ ਹਥਿਆਰ ਜਮਾਂ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਮਾਲ ਦੀ ਹਿਫ਼ਾਜ਼ਤ ਕੀਤੀ ਜਾਵੇ।

ਉਨ੍ਹਾਂ ਮੰਗ ਪੱਤਰ ਵਿਚ ਲਿਖਿਆ ਕਿ ਉਸ ਦਾ ਪਤੀ ਸੁਦਾਗਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਦੇ ਪਤੀ ਨੇ ਪੰਚ ਰਾਣਾ ਦੇ ਘਰ ਕੰਮ ਕੀਤਾ ਸੀ ਅਤੇ ਇਸ ਦੇ ਕੁੱਝ ਬਕਾਇਆ ਪੈਸੇ ਰਹਿੰਦੇ ਸਨ। 6 ਅਪਰੈਲ 2017 ਨੂੰ ਪੰਚ ਰਾਣਾ ਨੇ ਉਸ ਦੇ ਪਤੀ ਨੂੰ ਪੈਸੇ ਲੈਣ ਲਈ ਆਪਣੇ ਘਰ ਬੁਲਾਇਆ ਪਰ ਉੱਥੇ ਉਨ੍ਹਾਂ ਦਾ ਲੈਣ ਦੇਣ ਪਿੱਛੇ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਜੀਵਨ ਸਿੰਘ, ਗੁਰਦੀਪ ਸਿੰਘ ਅਤੇ ਗੁਲਜ਼ਾਰ ਸਿੰਘ ਨਾਲ ਮਿਲ ਕੇ ਰਾੜ੍ਹਾਂ ਨਾਲ ਮਾਰਕੁਟਾਈ ਕੀਤੀ। ਇਸ ਦੌਰਾਨ ਉਸ ਦੇ ਸਰੀਰ ਦੇ ਕਈ ਹਿੱਸਿਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਹਸਪਤਾਲ ਵਿਚ ਉਸ ਦੇ ਪਤੀ ਦੀ ਖੱਬੀ ਬਾਂਹ ਦਾ ਅਪ੍ਰੇਸ਼ਨ ਕਰ ਕੇ ਪਲੇਟਾਂ ਪਾਈਆਂ ਗਈਆਂ ਹਨ। ਮੇਰਾ ਪਤੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਰਣਜੀਤ ਸਿੰਘ ਵਗ਼ੈਰਾ ਮੇਰੇ ਅਤੇ ਮੇਰੇ ਪਤੀ ਉੱਪਰ ਸਮਝੌਤਾ ਕਰਨ ਲਈ ਦਬਾਅ ਬਣਾ ਰਹੇ ਹਨ। ਰਣਜੀਤ ਸਿੰਘ ਰਾਣਾ ਕੋਲ ਇਕ ਲਾਇਸੰਸੀ ਰਿਵਾਲਵਰ ਹੈ, ਜੋ ਕਿ ਉਸ ਨੇ ਡਰਾਉਣ ਲਈ ਉਸ ਦੇ ਪਤੀ ਨੂੰ ਵੀ ਦਿਖਾਇਆ ਸੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਰਣਜੀਤ ਸਿੰਘ ਰਾਣਾ ਰੰਜਸਵਸ ਉਨ੍ਹਾਂ ਦੇ ਪਰਿਵਾਰ ਉੱਪਰ ਉਕਤ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਕੌਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਐਸ.ਆਈ. ਜਸਵੰਤ ਸਿੰਘ ਵੱਲੋਂ ਮਾਮੂਲੀ 323, 325 ਅਤੇ 34 ਆਈ.ਪੀ.ਸੀ ਦੀਆਂ ਮਾਮੂਲੀ ਧਾਰਾਵਾਂ ਲਗਾਈਆਂ ਗਈਆਂ ਹਨ ਜਦੋਂ ਕਿ ਉਸ ਦੇ ਪਤੀ ਦੀਆਂ ਹੱਡੀਆਂ ਟੁੱਟੀਆਂ ਹਨ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਦਸ ਦਿਨ ਬੀਤ ਜਾਣ ‘ਤੇ ਵੀ ਪੁਲੀਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ ਹੈ।
ਉਨ੍ਹਾਂ ਕਿਹਾ ਕਿ ਉਧਰ ਹਸਪਤਾਲ ਦਾ ਇਕ ਡਾਕਟਰ ਉਸ ਦੇ ਪਤੀ ਨੂੰ ਹਸਪਤਾਲੋਂ ਇਹ ਕਹਿ ਕੇ ਛੁੱਟੀ ਕਰ ਰਿਹਾ ਹੈ ਕਿ ਇੱਥੇ ਇਨਫੈਕਸ਼ਨ ਫੈਲਣ ਦਾ ਡਰ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਕਿਹਾ ਕਿ ਮਹਿਲਾ ਦੀ ਸ਼ਿਕਾਇਤ ‘ਤੇ ਮੁਲਜ਼ਮ ਦਾ ਲਾਇਸੰਸੀ ਹਥਿਆਰ ਤਾਂ ਜਮਾਂ ਕਰਵਾਇਆ ਹੀ ਜਾਵੇਗਾ ਸਗੋਂ ਉਹ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਉਕਤ ਮੁਲਜ਼ਮ ਦਾ ਲਾਇਸੰਸ ਰੱਦ ਕਰਵਾਉਣ ਲਈ ਵੀ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਐਮ.ਐਲ.ਆਰ. ਦੀ ਰਿਪੋਰਟ ਦੇਖਣ ਤੋਂ ਬਾਅਦ ਧਾਰਾਵਾਂ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ। ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਐਸ.ਐਮ.ਓ. ਸੁਖਜਿੰਦਰ ਸਿੰਘ ਨੇ ਪੁੱਛਣ ‘ਤੇ ਕਿਹਾ ਕਿ ਹਸਪਤਾਲ ਵਿਚ ਇਨਫੈਕਸ਼ਨ ਨਾਲ ਨਿਪਟਣ ਲਈ ਪੂਰੇ ਇੰਤਜ਼ਾਮ ਹਨ। ਉਨ੍ਹਾਂ, ਸਬੰਧਤ ਡਾਕਟਰ ਵੱਲੋਂ ਇਨਫੈਕਸ਼ਨ ਤੋਂ ਬਚਣ ਤੋਂ ਛੁੱਟੀ ਲੈਣ ਦੀ ਕਹੀ ਗਲ ਨੂੰ, ਵਾਰਤਾਲਾਪ ਅੰਤਰ ਭੇਦ (ਕਮਿਨਿਕੇਸ਼ਨ ਗੈਪ) ਦੱਸਿਆ ਹੈ।

Leave a Reply

Your email address will not be published. Required fields are marked *