ਮੋਦੀ ਦਾ ਐਲਾਨ : ਦੇਸ਼ ਭਰ ‘ਚ 1 ਮਈ ਤੋਂ ਕੋਈ ਨਹੀਂ ਲਗਾ ਸਕੇਗਾ ਲਾਲ ਬੱਤੀ
ਨਵੀਂ ਦਿੱਲੀ 19 ਅਪ੍ਰੈਲ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਮੋਦੀ ਸਰਕਾਰ ਨੇ ਲਾਲ ਬੱਤੀ ਦੇ ਕਲਚਰ ‘ਤੇ ਸਭ ਤੋਂ ਕਰਾਰੀ ਸੱਟ ਮਾਰੀ ਹੈ। ਹੁਣ ਇਕ ਮਈ ਤੋਂ ਦੇਸ਼ ਵਿਚ ਲਾਲਬੱਤੀ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਗਈ ਹੈ। ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀਆਂ ਨੇ ਤੁਰੰਤ ਲਾਲ ਬੱਤੀ ਹਟਾਉਣਾ ਸ਼ੁਰੂ ਕਰ ਦਿੱਤਾ।
ਕੇਂਦਰੀ ਕੈਬਨਿਟ ਨੇ ਲਾਲ ਬੱਤੀ ਦਾ ਕਲਚਰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਸ ਫੈਸਲੇ ‘ਤੇ ਟਵੀਟ ਕਰਦਿਆਂ ਕਿਹਾ ਕਿ ਹਰ ਭਾਰਤੀ ਖ਼ਾਸ ਅਤੇ ਵੀਆਈਪੀ ਹੈ।
ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਜਗ੍ਹਾ ਜਗ੍ਹਾ ‘ਤੇ ਮੰਤਰੀ ਲਾਲ ਬੱਤੀ ਲੈ ਕੇ ਟਰੈਫਿਕ ਤੋਂ ਨਿਕਲ ਜਾਂਦੇ ਸਨ, ਇਸ ਗੱਲ ਨੂੰ ਲੈ ਕੇ ਲੋਕਾਂ ‘ਚ ਗੁੱਸਾ ਸੀ ਅਤੇ ਇਹ ਵੀਆਈਪੀ ਕਲਚਰ ਸੀ ਅਤੇ ਰੈਡਲਾਈਟ ਨਾਲ ਜੁੜਿਆ ਹੋਇਆ ਸੀ, ਜੋ ਵੀ ਇਸ ਦਾ ਪਾਲਣ ਨਹੀਂ ਕਰੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸਿਆਸੀ ਲੋਕਾਂ ਦੀ ਛਵੀ ਵੀ ਸੁਧਰੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਲਾਈਨ ‘ਚ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਕਈ ਮੰਤਰੀ ਖੁਦ ਡਰਾਈਵ ਕਰਦੇ ਹਨ ਅਤੇ ਵੀਆਈਪੀ ਕਲਚਰ ਖ਼ਤਮ ਕਰਨ ਦੀ ਬਹੁਤ ਵੱਡੀ ਜ਼ਰੂਰਤ ਵੀ ਸੀ।
ਹੁਣ ਸਿਰਫ਼ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲਿਸ ਵਰਗੀਆਂ ਐਮਰਜੈਂਸੀ ਸੇਵਾਵਾਂ ‘ਚ ਲੱਗੀ ਗੱਡੀਆਂ ਵੀ ਨੀਲੀ ਬੱਤੀ ਦਾ ਇਸਤੇਮਾਲ ਕਰ ਸਕਦੀਆਂ ਹਨ।
ਗਡਕਰੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਕ ਇਤਿਹਾਸਕ ਫੈਸਲਾ ਹੈ ਹੁਣ ਕੋਈ ਵੀ ਲਾਲ ਬੱਤੀ ਨਹੀਂ ਲੱਗਾ ਸਕੇਗਾ ਅਤੇ ਸਾਰੇ ਲੋਕ ਆਮ ਆਦਮੀ ਦੀ ਤਰ੍ਹਾਂ ਰਹਿਣਗੇ ਅਤੇ ਕੋਈ ਵੀ ਵੀਆਈਪੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਮਈ ਤੋਂ ਬਾਅਦ ਜੋ ਵੀ ਇਸ ਦੀ ਉਲੰਘਣਾ ਕਰੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

