ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਦਸਤਾਰ ਮੁਕਾਬਲੇ ਕਰਵਾਏ
ਦੇਵੀਗੜ੍ਹ 20 ਅਪ੍ਰੈਲ (ਮਧੂਸਾਰ ਬਿਊਰੋ)
ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਮਨੀ ਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕਾਲਜ ਦੇ ਧਰਮ ਅਧਿਐਨ ਮੰਚ ਵੱਲੋਂ ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ।
ਦਸਤਾਰ ਮੁਕਾਬਲਿਆਂ ਤੋਂ ਪਹਿਲਾਂ ਸਿੱਖ ਧਰਮ ਵਿਚ ਦਸਤਾਰ ਦਾ ਮਹੱਤਵ ਵਿਸ਼ੇ ਉਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਮਨੀ ਇੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ‘ਦਸਤਾਰ’ ਦੇ ਇਤਿਹਾਸਕ ਪਿਛੋਕੜ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਧਰਮ ਅਧਿਐਨ ਮੰਚ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਨੇ ਧਰਮ ਅਧਿਐਨ ਮੰਚ ਦੀਆਂ ਗਤੀਵਿਧੀਆਂ ਬਾਰੇ ਦਸਦਿਆਂ ਸਿੱਖ ਕੌਮ ਨੂੰ ਦਸਤਾਰ ਸੰਬੰਧੀ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਦਾਖਾ ਤੋਂ ਆਏ ਰਿਟਾ. ਪ੍ਰਿੰਸੀਪਲ ਡਾ. ਆਸਾ ਸਿੰਘ ਘੁੰਮਣ ਨੇ ਭਾਰਤੀ ਪਰੰਪਰਾ ਵਿਚ ਅਤੇ ਖਾਸਕਰ ਸਿੱਖ ਧਰਮ ਵਿਚ ਦਸਤਾਰ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਦਸਤਾਰ ਸੰਬੰਧੀ ਵਰਤੇ ਜਾਂਦੇ ਆਮ ਲਫਜ਼ ‘ਪੇਚ’ ਤੇ ‘ਬਾਜ’ ਦੇ ਅਸਲ ਅਰਥ ਕਰਦਿਆਂ ਕਿਹਾ ਕਿ ‘ਪੇਚ’ ਸ਼ਬਦ ਅੰਗਰੇਜ਼ੀ ਦੇ ਪੇਜ ਸ਼ਬਦ ਦਾ ਵਿਗੜਿਆ ਰੂਪ ਹੈ। ਇਸੇ ਤਰ੍ਹਾਂ ‘ਬਾਜ’ ਸ਼ਬਦ ਅੰਗਰੇਜ਼ੀ ਦੇ ਬੈਚ ਸ਼ਬਦ ਤੋਂ ਬਣਿਆ ਹੈ। ਦਸਤਾਰ ਦੀ ਸਿਧਾਂਤਕ ਤੇ ਇਤਿਹਾਸਕ ਵਿਆਖਿਆ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਦਸਤਾਰ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿਤੀ।
ਇਸ ਮੌਕੇ ਦਸਤਾਰ ਮੁਕਾਬਲਿਆਂ ਦੀ ਜਜਮੈਂਟ ਚੰਡੀਗੜ੍ਹ ਤੋਂ ਆਏ ਭਾਈ ਹਰਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ। ਲੜਕਿਆਂ ਦੇ ਦਸਤਾਰ ਮੁਕਾਬਲਿਆਂ ਵਿਚ ਭੁਪਿੰਦਰ ਸਿੰਘ (ਪੀ.ਜੀ.ਡੀ.ਸੀ.ਏ) ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ਉਤੇ ਤੇਜਿੰਦਰ ਸਿੰਘ (ਬੀ.ਕਾਮ ਭਾਗ ਤੀਜਾ) ਤੇ ਤੀਜੇ ਸਥਾਨ ਉਤੇ ਗਗਨਦੀਪ ਸਿੰਘ (ਬੀ. ਏ ਭਾਗ ਪਹਿਲਾ) ਰਿਹਾ। ਇਸੇ ਤਰ੍ਹਾਂ ਲੜਕੀਆਂ ਵਿਚ ਮਨਦੀਪ ਕੌਰ (ਬੀ. ਏ ਭਾਗ ਪਹਿਲਾ) ਪਹਿਲੇ ਸਥਾਨ ਉਤੇ ਰਹੀ। ਜਸਵੰਤ ਕੌਰ (ਬੀ.ਸੀ.ਏ ਭਾਗ ਤੀਜਾ) ਨੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਨੰਬਰ ਉਤੇ ਬੀ. ਏ ਭਾਗ ਦੂਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਰਹੀ। ਜੇਤੂ ਵਿਦਿਆਰਥੀਆਂ ਨੂੰ ਜਿਥੇ ਇਨਾਮ ਦਿਤੇ ਗਏ, ਉਥੇ ਨਾਲ ਹੀ ਉਨ੍ਹਾਂ ਨੂੰ 3100; 2100 ਤੇ 1100 ਰੁਪਏ ਦੀ ਨਗਦ ਰਾਸ਼ੀ ਵੀ ਦਿਤੀ ਗਈ।
ਦਸਤਾਰ ਮੁਕਾਬਲੇ ਵਿਚ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਗੁਰਮੀਤ ਸਿੰਘ, ਸ. ਮੁਖਤਿਆਰ ਸਿੰਘ ਨੌਗਾਵਾ, ਸ੍ਰੀਮਤੀ ਅੰਮ੍ਰਿਤ ਪਾਲ ਕੌਰ, ਸਹਾਇਕ ਪ੍ਰੋਫੈਸਰ ਡਾ. ਨਰੇਸ਼ ਬਾਤਿਸ਼, ਡਾ. ਹਰਜੀਤ ਕੌਰ, ਗੁਰਜੀਤ ਕੌਰ, ਪ੍ਰੋ. ਵਿਨਪ੍ਰੀਤ ਕੌਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

