ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਅਜਾਇਬ ਘਰ ਅਤੇ ਕਲਾ ਗੈਲਰੀ ਵਿਖੇ ਚਿੱਤਰਕਲਾ ਪ੍ਰਦਰਸ਼ਨੀ

ਪਟਿਆਲਾ, 25 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਅਜਾਇਬ ਘਰ ਅਤੇ ਕਲਾ ਗੈਲਰੀ ਵਿਖੇ ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਕਲਾ-ਕ੍ਰਿਤਾਂ ਦੀ “ਸਲਾਨਾ ਕਲਾ ਪ੍ਰਦਰਸ਼ਨੀ-2017“ ਲਗਾਈ ਗਈ ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਅਤੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਵਲੋਂ ਕੀਤਾ ਗਿਆ।

ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਕਲਾ-ਕ੍ਰਿਤਾਂ ਦੀ ਸ਼ਲਾਘਾ ਕਰਦਿਆਂ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਭਵਿੱਖ ਵਿੱਚ ਆਪਣੀਆਂ ਕਲਾਂ-ਕ੍ਰਿਤਾਂ ਨੂੰ ਵੈਬਸਾਈਟਾਂ ਦੁਆਰਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਦੂਰ-ਦੂਰਾਡੇ ਬੈਠੇ ਕਲਾ ਪ੍ਰੇਮੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਨੂੰ ਵਿੱਤੀ ਲਾਭ ਮਿਲੇਗਾ ਅਤੇ ਭਵਿੱਖ ਵੀ ਸੁਨਿਹਰੀ ਹੋਵੇਗਾ। ਡਾ. ਗੁਰਨਾਮ ਸਿੰਘ ਨੇ ਅਜਾਇਬਰ ਘਰ ਅਤੇ ਕਲਾ ਗੈਲਰੀ ਦੇ ਇੰਚਾਰਜ ਡਾ. ਅੰਬਾਲਿਕਾ ਸੂਦ ਜੈਕਬ ਨੂੰ ਕਿਹਾ ਕਿ ਉਹ ਪਬਲੀਕੇਸ਼ਨ ਬਿਊਰੋ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਕਲਾ-ਕ੍ਰਿਤੀਆਂ ਨੂੰ ਉਥੇ ਛੱਪਦੀਆਂ ਕਿਤਾਬਾਂ ਵਿੱਚ ਸਥਾਪਤ ਕਰਵਾਉਣ ਤਾਂ ਜੋ ਵਿਦਿਆਰਥੀਆਂ ਦੇ ਕੰਮ ਨੂੰ ਹੋਰ ਉਤਸ਼ਾਹ ਮਿਲੇ।
ਇਸ ਤੋਂ ਪਹਿਲਾਂ ਡਾ. ਅੰਬਾਲਿਕਾ ਸੂਦ ਜੈਕਬ, ਇੰਚਾਰਜ, ਅਜਾਇਬ ਘਰ ਅਤੇ ਕਲਾ ਗੈਲਰੀ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕੀਤੇ। ਇਸ ਮੋਕੇ ਤੇ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਇੱਕ ਕੈਟਾਲਾਗ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਯਸ਼ਪਾਲ ਸ਼ਰਮਾ, ਮੁਖੀ, ਸੰਗੀਤ ਵਿਭਾਗ; ਡਾ. ਜਸਪਾਲ ਕੌਰ ਦਿਓਲ, ਮੁਖੀ, ਥੀਏਟਰ ਅਤੇ ਟੈਲੀਵੀਜ਼ਨ ਵਿਭਾਗ; ਡਾ. ਨਵਜੋਤ ਕੌਰ ਕਸੇਲ; ਡਾ. ਸਰੋਜ ਚਮਨ, ਚਿੱਤਰਕਾਰ ਸ਼੍ਰੀ ਜਗਦੀਪ ਗਰਚਾ ਅਤੇ ਵਿਭਾਗ ਦੇ ਵਿਦਿਆਰਥੀ ਵੀ ਮੌਜੂਦ ਸਨ। ਇਹ ਕਲਾ ਪ੍ਰਦਰਸ਼ਨੀ 15 ਮਈ ਤੱਕ ਚਲਦੀ ਰਹੇਗੀ।

Leave a Reply

Your email address will not be published. Required fields are marked *