ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਨਸ਼ਾਖੋਰੀ ਉਪਰ ਵਿਸ਼ੇਸ਼ ਲੈਕਚਰ

ਪਟਿਆਲਾ 25 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਬੀ.ਏ.ਆਨਰਜ਼ ਸਕੂਲ ਇਨ ਪੰਜਾਬੀ ਦੇ ਵਿਦਿਆਰਥੀਆਂ ਦੀਆਂ ਪਾਠ-ਕ੍ਰਮ ਦੀਆਂ ਲੋੜਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ ਦੇ ਪ੍ਰੋਫੈਸਰ ਡਾ. ਰਿਚਾ ਸ਼ਿਰੀ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।

ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜਸਵਿੰਦਰ ਸਿੰਘ ਸੈਣੀ ਨੇ ਵਿਸ਼ੇਸ਼ੱਗ ਡਾ. ਰਿਚਾ ਸ਼ਿਰੀ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਪੰਜਾਬੀ ਦੇ ਖੋਜ ਅਤੇ ਅਧਿਆਪਨ ਕਾਰਜ ਦੀਆਂ ਨਵੀਨ ਪ੍ਰਵਿਰਤੀਆਂ ਨਾਲ ਜੋੜਨ ਦੇ ਨਾਲ-ਨਾਲ ਸਿਹਤ ਅਤੇ ਮਾਨਸਿਕ ਪੱਖੋਂ ਵੀ ਚੇਤਨਾ ਪੈਦਾ ਕਰ ਰਿਹਾ ਹੈ। ਉਨ੍ਹਾਂ ਗ੍ਰੈਜੂਏਸ਼ਨ ਡਿਗਰੀ ਲਈ ਸ਼ੁਰੂ ਹੋਏ ਡਰੱਗ ਅਬਿਊਜ਼ ਨਾਂ ਵਾਲੇ ਨਵੇਂ ਪਰਚੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ। ਵਿਭਾਗ ਦੇ ਸਹਾਇਕ ਪ੍ਰੋਫੈਸਰ ਤੇ ਇਸ ਵਿਸ਼ੇਸ਼ ਲੈਕਚਰ ਦੇ ਸੰਯੋਜਕ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਸ਼ਵ ਪੱਧਰ ‘ਤੇ ਪੰਜਾਬੀਆਂ ਦੀ ਸ਼ਨਾਖ਼ਤ ਦੇ ਮੁੱਖ ਇਤਿਹਾਸਕ, ਮਿਥਿਹਾਸਕ ਅਤੇ ਲੋਕਧਾਰਾਈ ਹਵਾਲੇ ਸਾਂਝੇ ਕਰਨ ਉਪਰੰਤ ਵਰਤਮਾਨ ਦੌਰ ਵਿਚ ਪੰਜਾਬੀਆਂ ਦੀ ਨਸ਼ਈਆਂ ਵਜੋਂ ਬਣ ਰਹੀ ਪਛਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਡਾ. ਰਿਚਾ ਸ਼ਿਰੀ ਬਾਰੇ ਵਿਦਿਆਰਥੀਆਂ ਨਾਲ ਵਾਕਫ਼ੀਅਤ ਕਰਵਾਉਂਦੇ ਹੋਏ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਵਿਚ ਡਰੱਗ ਫ੍ਰੀ ਜੀਵਨ ਸ਼ੈਲੀ ਵਿਕਸਤ ਕਰਨਾ ਵਰਤਮਾਨ ਸਮੇਂ ਦੀ ਮੁੱਖ ਜ਼ਰੂਰਤ ਹੈ। ਦਿਲਚਸਪ ਤੇ ਸੌਖੀ ਸ਼ਬਦਾਵਲੀ ਵਾਲੇ ਮੁੱਖ ਭਾਸ਼ਣ ਵਿਚ ਡਾ. ਰਿਚਾ ਸ਼ਿਰੀ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਮਨੁੱਖ ਨਸ਼ਿਆਂ ਦੇ ਪ੍ਰਭਾਵ ਥੱਲੇ ਜਲਦੀ ਆਉਂਦਾ ਹੈ। ਉਨ੍ਹਾਂ ਇਸ ਰੁਝਾਨ ਦੀ ਪਿਠਭੂਮੀ ਵਿਚ ਪਏ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਨਸ਼ਿਆਂ ਦੇ ਸੇਵਨ ਨਾਲ ਪੈਂਦੇ ਸਰੀਰਕ, ਮਾਨਸਿਕ, ਮਨੋਵਿਗਿਆਨਕ ਅਤੇ ਸਮਾਜਿਕ ਦੁਸ਼ਪ੍ਰਭਾਵਾਂ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਦਿਆਂ ਨਸ਼ਿਆਂ ਦੀ ਮਾਰ ਤੋਂ ਬਚਣ ਦੇ ਉਪਾਅ ਵੀ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਵੀ ਕੀਤੇ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਡਾ. ਰਾਜਵਿੰਦਰ ਸਿੰਘ ਅਤੇ ਡਾ. ਗੁਰਸੇਵਕ ਸਿੰਘ ਲੰਬੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *