ਪੰਜਾਬ

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ਼ਹੀਦੀ ਯਾਦਗਾਰੀ ਮਾਰਚ 5 ਜੂਨ ਨੂੰ : ਬਲੋਵਾਲ

ਅੰਮ੍ਰਿਤਸਰ 16 ਮਈ (ਸੋਨੂੰ ਨਰੂਲਾ/ਨਰਿੰਦਰਪਾਲ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 5ਜੂਨ ਨੂੰ ਅਪ੍ਰੈਲ 1978 ਤੋਂ ਲੈਕੇ ਹੁਣ ਤੀਕ ਦੇ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਲੋਹਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੀਕ ਇੱਕ ਸ਼ਹੀਦੀ ਯਾਦਗਾਰੀ ਮਾਰਚ ਕੱਢਿਆ ਜਾਵੇਗਾ ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ,ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਅਤੇ ਅਮਰੀਕ ਸਿੰਘ ਬਲੋਵਾਲ ਕਰਨਗੇ।

ਦਲ ਦੇ ਦਫਤਰ ਮਾਝਾ -ਦੁਆਬਾ ਜੋਨ ਦਫਤਰ ਵਲੋਂ ਜਾਰੀ ਪ੍ਰੈਸ ਰਲੀਜ ਰਾਹੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ੍ਰ:ਅਮਰੀਕ ਸਿੰਘ ਬਲੋਵਾਲ ਨੇ ਦੱਸਿਆ ਕਿ ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਉਪਰ ਕੀਤੇ ਹਮਲੇ ਅਤੇ ਇਸ ਦੀ ਆੜ ਹੇਠ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੇ ਸਿੱਖ ਕੌਮ ਨੂੰ ਗਹਿਰੇ ਜਖਮ ਦਿੱਤੇ ਹਨ ਜਿਨ੍ਹਾਂ ਤੇ ਅਜੇ ਤੀਕ ਵੀ ਕੋਈ ਮਲ੍ਹਮ ਨਹੀ ਲਾਈ ਜਾ ਸਕੀ।ਉਨ੍ਹਾਂ ਕਿਹਾ ਕਿ ਅੱਜ ਪੈਦਾ ਹੋਏ ਸਮੁਚੇ ਹਾਲਾਤਾਂ ਦੀ ਪੜਚੋਲ ਕਰਦਿਆਂ ਪ੍ਰਵਾਨ ਕਰਨਾ ਬਣਦਾ ਹੈ ਕਿ ਪੰਜਾਬ ਨੂੰ ਨਫਰਤ ਦੀ ਜਿਸ ਭੱਠੀ ਵਿੱਚ ਝੋਕਣ ਦੀ ਸਾਜਿਸ਼ ਅਪ੍ਰੈਲ 1978 ਵਿੱਚ ਸ਼ੁਰੂ ਕੀਤੀ ਗਈ ਸੀ ਉਸਦੀ ਅੱਗ ਤੇ ਸੇਕ ਨੇ ਪਹਿਲਾਂ ਜੂਨ 84 ਦੇ ਫੌਜੀ ਹਮਲੇ,ਅਪਰੇਸ਼ਨ ਵੁੱਡ ਰੋਜ਼ ਤੇ ਫਿਰ ਸਰਕਾਰੀ ਅੱਤਵਾਦ ਦੀ ਆੜ ਬੇਦੋਸ਼ਿਆਂ ਨੂੰ ਲਾਵਾਰਿਸ ਲਾਸ਼ਾਂ ਕਰਾਰ ਦੇਣ ਦੀ ਅਤਿ ਦੁਖਦਾਈ ਖੇਡ ਦਾ ਸ਼ਿਕਾਰ ਬਣਾਇਆ।ਸ੍ਰ:ਬਲੋਵਾਲ ਨੇ ਦੱਸਿਆ ਪਾਰਟੀ ਪਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਵਲੋਂ ਹੋਏ ਆਦੇਸ਼ਾਂ ਅਨੁਸਾਰ ਇਸ ਵਾਰ ਜੂਨ 84 ਦੇ ਸ਼ਹੀਦੀ ਸਾਕੇ ਦੀ ਯਾਦ ਮੌਕੇ 5 ਜੂਨ ਨੂੰ ਇਤਿਹਾਸਕ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਰੱਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ।ਉਨ੍ਹਾਂ ਦੱਸਿਆ ਕਿ ਅਪ੍ਰੈਲ 1978 ਤੋਂ ਲੈਕੇ ਹੁਣ ਤੀਕ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਉਪਰੰਤ ਸਵੇਰੇ 9.30 ਵਜੇ ਲੋਹਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਸ਼ਹੀਦੀ ਯਾਦਗਾਰੀ ਮਾਰਚ ਸ਼ੁਰੂ ਹੋਵੇਗਾ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ।ਇਸ ਮੌਕੇ ਉਨ੍ਹਾਂ ਨਾਲ ਸ੍ਰ:ਗੁਰਮੇਲ ਸਿੰਘ ਸ਼ੇਰਗਿੱਲ ,ਸ੍ਰ:ਪ੍ਰਿਤਪਾਲ ਸਿੰਘ ਅਤੇ ਸ੍ਰ:ਗੁਰਸ਼ਰਨ ਸਿੰਘ ਸੋਹਲ ਵੀ ਮੌਜੂਦ ਸਨ।

Leave a Reply

Your email address will not be published. Required fields are marked *