ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕ੍ਰਿਪਾਨ ‘ਤੇ ਪਾਬੰਦੀ ਬਰਕਰਾਰ ਰੱਖਣ ਦਾ ਮਾਮਲਾ
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਦਾ ਫੈਸਲਾ
ਨਵੀਂ ਦਿੱਲੀ 16 ਮਈ/ਮਧੂਸਾਰ ਬਿਊਰੋ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਅੱਜ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਦੇਸ਼ ਵਿਚ ਕ੍ਰਿਪਾਲ ਪਹਿਨਣ ‘ਤੇ ਪਾਬੰਦੀ ਬਰਕਰਾਰ ਰੱਖਣ ਦੇ ਫੈਸਲੇ ‘ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਉਠਾਏਗੀ ਅਤੇ ਉਹਨਾਂ ਨੂੰ ਇਹ ਮਸਲਾ ਇਟਲੀ ਸਰਕਾਰ ਕੋਲ ਉਠਾਉਣ ਦੀ ਅਪੀਲ ਕਰੇਗੀ।
ਇਟਲੀ ਦੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਦਿੱਲੀ ਕਮੇਟੀ ਅਜਿਹੇ ਹਾਲਾਤ ਸਮਝਦੀ ਹੈ ਜਿਥੇ ਅਦਾਲਤਾਂ ਨੂੰ ਸਬੰਧਤ ਮੁਲਕ ਵਿਚ ਲਾਗੂ ਕਾਨੂੰਨ ਦੇ ਦਾਇਰੇ ਅਨੁਸਾਰ ਫੈਸਲੇ ਲੈਣੇ ਪੈਂਦੇ ਹਨ।
ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਦੁਨੀਆ ਭਰ ਵਿਚ ਵਸਦੇ ਸਿੱਖਾਂ ਦੇ ਹਿਤਾਂ ਦੀ ਰਾਖੀ ਵਾਸਤੇ ਵੱਡੀ ਭੂਮਿਕਾ ਅਦਾ ਕਰੇ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਮਾਮਲਾ ਵੱਖ ਵੱਖ ਮੁਲਕਾਂ ਕੋਲ ਉਠਾਵੇ। ਉਹਨਾਂ ਕਿਹਾ ਕਿ ਕੁਝ ਮੁਲਕ ਜਿਥੇ ਇਹ ਧਾਰਮਿਕ ਚਿੰਨ੍ਹ ਧਾਰਨ ਕਰਨ ‘ਤੇ ਪਾਬੰਦੀ ਹੈ, ਦੇ ਕਾਨੂੰਨਾਂ ਵਿਚ ਸੋਧ ਕਰਨ ਦੀ ਜ਼ਰੂਰਤ ਹੈ, ਤਾਂ ਜੋ ਇਸ ਉਦੇਸ਼ ਦੀ ਪੂਰਤੀ ਹੋ ਸਕੇ ਅਤੇ ਇਸ ਵਾਸਤੇ ਭਾਰਤ ਸਰਕਾਰ ਨੂੰ ਇਹ ਮੁਲਕਾਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹ ਵਿਸ਼ੇਸ਼ ਤੌਰ ‘ਤੇ ਪੰਜ ਕੱਕਾਰ ਜਿਹਨਾਂ ਵਿਚ ਕ੍ਰਿਪਾਨ, ਕੰਘਾ, ਕੜਾ, ਕਛਹਿਰਾ ਅਤੇ ਕੇਸ ਸ਼ਾਮਲ ਹਨ, ਦੀ ਅਹਿਮੀਅਤ ਦੀ ਜਾਣਕਾਰੀ ਦੇਣੀ ਪਵੇਗੀ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉਚ ਪੱਧਰੀ ਵਫਦ ਛੇਤੀ ਹੀ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਇਹ ਮਾਮਲਾ ਇਟਲੀ ਸਰਕਾਰ ਕੋਲ ਉਠਾਉਣ ਦੀ ਜ਼ਰੂਰਤ ਤੋਂ ਜਾਣੂ ਕਰਵਾਏਗਾ। ਉਹਨਾਂ ਕਿਹਾ ਕਿ ਇਹਨਾਂ ਮੁਲਕਾਂ ਵਿਚ ਇਹ ਮਾਮਲੇ ਇਸ ਲਈ ਉਠ ਰਹੇ ਹਨ ਕਿਉਂਕਿ ਇਹਨਾਂ ਦੀਆਂ ਸਰਕਾਰਾਂ ਸਿੱਖਾਂ ਦੇ ਇਹਨਾਂ ਧਾਰਮਿਕ ਚਿੰਨ੍ਹਾਂ ਦੀ ਮਹੱਤਤਾ ਤੋਂ ਜਾਣੂ ਨਹੀਂ ਹਨ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਟਲੀ ਦੀ ਸੁਪਰੀਮ ਕੋਰਟ ਨੇ ਵੀ ਇਹ ਮੰਨਿਆ ਹੈ ਕਿ ਬਹੁ ਨਸਲੀ ਸਮਾਜ ਵਿਚ ਵਿਭਿੰਨਤਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਪਿਛਲੇ ਸਾਲਾਂ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਮਿਲੀ ਹੈ ਅਤੇ ਆਪਣੀ ਛੋਟੀ ਆਬਾਦੀ ਦੇ ਬਾਵਜੂਦ ਵੀ ਸਿੱਖ ਭਾਈਚਾਰੇ ਨੇ ਦੁਨੀਆਂ ਦੇ ਸਾਰੇ ਪ੍ਰਮੁੱਖ ਅਰਥਚਾਰਿਆਂ ਵਾਸਤੇ ਅਹਿਮ ਯੋਗਦਾਨ ਪਾਇਆ ਹੈ ਤੇ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਇਸ ਤੱਥ ਨੂੰ ਅਣਡਿੱਠ ਨਹੀਂ ਕਰ ਸਕਦੀਆਂ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮੁਲਕਾਂ ਵਿਚ ਸਿੱਖਾਂ ਨੂੰ ਇਹਨਾਂ ਦੇ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਆਜ਼ਾਦੀ ਵਾਸਤੇ ਛੋਟ ਹਾਸਲ ਕਰਨ ਦੇ ਉਦੇਸ਼ ਦੀ ਪੂਰਤੀ ਵਾਸਤੇ ਢੰਗ ਤਰੀਕਿਆਂ ‘ਤੇ ਚਰਚਾ ਕਰੇਗੀ ਤੇ ਇਸ ਵਾਸਤੇ ਜੋ ਵੀ ਕਦਮ ਚੁੱਕਣਾ ਪਿਆ, ਚੁੱਕਿਆ ਜਾਵੇਗਾ।
ਦੱਸਣਯੋਗ ਹੈ ਕਿ ਇਟਲੀ ਦੇ ਤਾਜ਼ਾ ਮਾਮਲੇ ਵਿਚ ਇਕ ਸਿੱਖ ਵਿਅਕਤੀ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਰੋਮ ਦੀ ਅਦਾਲਤ ਨੇ ਵਿਅਕਤੀ ਨੂੰ ਉੱਤਰੀ ਇਟਲੀ ਵਿਚ ਗੋਇਟੋ ਵਿਖੇ ਆਪਣੇ ਘਰ ਤੋਂ ਬਾਹਰ ਨਿਕਲਣ ਸਮੇਂ 20 ਸੈ. ਮੀ. ਦੀ ਕ੍ਰਿਪਾਨ ਧਾਰਨ ਕਰਨ ਬਦਲੇ 2195 ਅਮਰੀਕੀ ਡਾਲਰ ਦਾ ਜੁਰਮਾਨਾ ਕੀਤਾ ਸੀ।

