ਨਗਰ ਨਿਗਮ ਚੋਣਾਂ ‘ਚ ਜਿੱਤ ਯਕੀਨੀ ਰੱਖਣ ਵਾਲੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰਾਂਗੇ : ਪਰਮਿੰਦਰ ਢੀਂਡਸਾ
ਢੀਂਡਸਾ ਤੇ ਲੌਂਗੋਵਾਲ ਨੇ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਆਗੂਆਂ ਤੇ ਵਰਕਰਾਂ ਤੋਂ ਲਏ ਸੁਝਾਅ
ਪਟਿਆਲਾ 19 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਨਵੇਂ ਸਿਰੇ ਤੋਂ ਗਠਨ ਕਰਨ ਲਈ ਹਲਕਾ ਸਨੌਰ ਤੇ ਰਾਜਪੁਰਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਦੇਵੀਗੜ੍ਹ ਰੋਡ ‘ਤੇ ਸਥਿਤ ਪ੍ਰੇਮ ਬਾਗ ਵਿਖੇ ਹੋਈ।
ਮੀਟਿੰਗ ‘ਚ ਪਾਰਟੀ ਹਾਈਕਮਾਂਡ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਲਗਾਏ ਗਏ ਅਬਜ਼ਰਵਰ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ ਉਚੇਚੇ ਤੌਰ ‘ਤੇ ਪਾਰਟੀ ਵਰਕਰਾਂ ਦੇ ਵਿਚਾਰ ਸੁਣਨ ਲਈ ਪਹੁੰਚੇ।
ਇਸ ਮੌਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੀਟਿੰਗਾਂ ਦਾ ਮੁੱਖ ਮਕਸਦ ਸਾਰੇ ਹਲਕਿਆਂ ਅੰਦਰ ਪਾਰਟੀ ਦੇ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਦੇ ਵਿਚਾਰ ਅਤੇ ਸੁਝਾਅ ਲੈ ਕੇ ਕੰਮ ਕਰਨ ਵਾਲਿਆਂ ਨੂੰ ਨੁਮਾਇੰਦਗੀ ਦੇਣਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਲੰਘੀਆਂ ਚੋਣਾਂ ‘ਚ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਸਹੀ ਹੱਕ ਦੇਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਸਬੰਧਤ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਵਿਚਾਰ ਤੇ ਸੁਝਾਅ ਜੁਬਾਨੀ ਤੇ ਲਿਖਤੀ ਪਾਰਟੀ ਦਫਤਰ ਭੇਜ ਸਕਦੇ ਹਨ, ਜਿਸ ਨੂੰ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣੀ ਨੂੰ ਦੋ ਮਹੀਨੇ ਹੋ ਗਏ ਹਨ, ਪ੍ਰੰਤੂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਸਰਕਾਰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕ ਹਿਤੈਸ਼ੀ ਪਾਰਟੀ ਹੈ ਇਸ ਕਰਕੇ ਸਰਕਾਰ ਨੂੰ ਕਿਸੇ ਵੀ ਵਾਅਦੇ ਤੋਂ ਭੱਜਣ ਨਹੀਂ ਦੇਵਾਂਗੇ।
ਉਨ੍ਹਾਂ ਕਿਹਾ ਕਿ ਅਗਾਮੀ ਨਗਰ ਨਿਗਮ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਯਕੀਨੀ ਬਣਾਉਣ ਵਾਲੇ ਉਮੀਦਵਾਰ ਉਤਾਰੇ ਜਾਣਗੇ, ਜੋ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੀ ਕਚਹਿਰੀ ‘ਚ ਰੱਖਣਗੇ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ‘ਚ ਪੁੱਜਣ ‘ਤੇ ਜਿਥੇ ਭਰਵਾਂ ਸਵਾਗਤ ਕੀਤਾ, ਉਥੇ ਪਰਮਿੰਦਰ ਸਿੰਘ ਢੀਂਡਸਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਪਾਰਟੀ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ।

