ਨਿੱਜੀ ਖੇਤਰ ਦੇ ਬੈਕਾਂ ਵੱਲੋਂ ਵੀ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ- ਚਾਹਲ
ਐਕਸਿਸ ਬੈਂਕ ਦੀ ਨਵੀਂ ਬਰਾਂਚ ਦਾ ਉਦਘਾਟਨ
ਪਟਿਆਲਾ, 19 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਨਿੱਜੀ ਖੇਤਰ ਦੇ ਬੈਕਾਂ ਵੱਲੋਂ ਵੀ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਪੰਜਾਬ ਮੁੱਖ ਮੰਤਰੀ ਦੇ ਸਲਾਹਕਾਰ ਸ: ਭਰਤਇੰਦਰ ਸਿੰਘ ਚਾਹਲ ਨੇ ਪਟਿਆਲਾ ਦੇ ਅਨਾਰਦਾਨਾ ਚੌਂਕ ਵਿਖੇ ਐਕਸਿਸ ਬੈਂਕ ਵੱਲੋਂ ਖੋਲੀ ਨਵੀਂ ਬਰਾਂਚ ਦਾ ਉਦਘਾਟਨ ਕਰਨ ਮੌਕੇ ਕੀਤਾ।
ਚਾਹਲ ਨੇ ਕਿਹਾ ਕਿ ਨਿੱਜੀ ਬੈਕਾਂ ਵੱਲੋਂ ਸਨਅਤੀ ਤੇ ਵਪਾਰਕ ਖੇਤਰ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਵਿੱਚ ਵੀ ਵਾਜਬ ਵਿਆਜ਼ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਨਿੱਜੀ ਬੈਂਕ ਵੱਲੋਂ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਪੱਤਰਕਾਰਾਂ ਵੱਲੋਂ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ: ਚਾਹਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਮੌਜੂਦਾ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ।
ਬੈਂਕ ਦੇ ਉਦਘਾਟਨ ਮੌਕੇ ਚਾਹਲ ਵੈਲਫੇਅਰ ਟਰੱਸਟ ਦੇ ਚੇਅਰਮੈਨ ਸ੍ਰ: ਬਿਕਰਮਜੀਤ ਇੰਦਰ ਸਿੰਘ ਚਾਹਲ, ਪੰਜਾਬ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸ੍ਰ: ਕੁਲਵਿੰਦਰ ਸਿੰਘ ਲਵਲੀ ਤੇ ਹੋਰ ਪਤਵੰਤੇ ਅਤੇ ਬੈਂਕ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

